
ਫੀਲਡ ਦੌਰੇ ਦੇ ਦੂਜੇ ਦਿਨ ਡੀਜੀਪੀ ਪੰਜਾਬ ਵੱਲੋਂ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਰੇਂਜ ਵਿੱਚ ਕਾਨੂੰਨ-ਵਿਵਸਥਾ ਸਥਿਤੀ ਦੀ ਸਮੀਖਿਆ
ਚੰਡੀਗੜ੍ਹ/ਫਿਰੋਜ਼ਪੁਰ/ਬਠਿੰਡਾ/ਪਟਿਆਲਾ, 12 ਅਗਸਤ: ਲਗਾਤਾਰ ਦੂਜੇ ਦਿਨ ਆਪਣਾ ਫੀਲਡ ਦੌਰਾ ਜਾਰੀ ਰੱਖਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਆਜ਼ਾਦੀ ਦਿਵਸ-2025 ਦੇ ਮੱਦੇਨਜ਼ਰ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਕਾਨੂੰਨ-ਵਿਵਸਥਾ ਬਾਰੇ ਸਮੀਖਿਆ ਮੀਟਿੰਗਾਂ ਅਤੇ ਆਊਟਰੀਚ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਆਪਣੇ ਇਸ ਦਿਨ ਭਰ ਦੇ ਦੌਰੇ ਦੌਰਾਨ ਡੀਜੀਪੀ ਨੇ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਸਮੇਤ ਤਿੰਨ ਜ਼ਿਲ੍ਹਿਆਂ ਦਾ ਦੌਰਾ ਕੀਤਾ।
ਐਨਡੀਪੀਐਸ ਐਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਗੌਰਵ ਯਾਦਵ ਨੇ ਸੁਤੰਤਰਤਾ ਦਿਵਸ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਦਿੱਤੇ ਗਏ ਆਦੇਸ਼ਾਂ ਅਨੁਸਾਰ ਅੱਤਵਾਦ ਵਿਰੋਧੀ ਤਿਆਰੀਆਂ, ਅੰਤਰ-ਜ਼ਿਲ੍ਹਾ ਤਾਲਮੇਲ, ਮਜ਼ਬੂਤ ਨਾਕਿਆਂ ਅਤੇ ਨਿਰੰਤਰ ਨਿਗਰਾਨੀ ਬਾਰੇ ਰਣਨੀਤਕ ਨਿਰਦੇਸ਼ ਜਾਰੀ ਕੀਤੇ।
...