ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅੱਜ ਆਪਣੇ ਮੁੱਖ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਪ ਵਿਧਾਇਕਾਂ ਨੇ ਆਤਿਸ਼ੀ ਨੂੰ ਨਵੀਂ ਮੁੱਖ ਮੰਤਰੀ ਚੁਣ ਲਿਆ ਹੈ। ਅਰਵਿੰਦਰ ਕੇਜਰੀਵਾਲ ਵਲੋਂ ਅਸਤੀਫੇ ਦੇ ਐਲਾਨ ਪਿਛੋਂ ਅੱਜ ਇਥੇ ਆਪ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ਵਿਚ ਨਵੇਂ ਮੁੱਖ ਮੰਤਰੀ ਦਾ ਐਲਾਨ ਕੀਤਾ ਗਿਆ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਪਿਛੋਂ ਆਤਿਸ਼ੀ ਕਾਫੀ ਸੁਰਖੀਆਂ ਵਿਚ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਬਕਾਰੀ ਨੀਤੀ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਪਿਛੋਂ ਕੇਜਰੀਵਾਲ ਨੇ ਆਤਿਸ਼ੀ ਕਈ ਵਿਭਾਗਾਂ ਦੀ ਜੁੰਮੇਵਾਰੀ ਦੇ ਦਿੱਤੀ। ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਬਾਰੇ ਵੀ ਆਤਿਸ਼ੀ ਹੀ ਹਰ ਐਲਾਨ ਕਰਦੀ ਰਹੀ ਹੈ। ਕੇਜਰੀਵਾਲ ਸਰਕਾਰ ਵਿਚ 9 ਮਾਰਚ 2023 ਨੂੰ ਆਤਿਸ਼ੀ ਦੇ ਕੈਬਨਿਟ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਅੱਜਕੱਲ੍ਹ ਆਤਿਸ਼ੀ ਨੂੰ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਵਿਸ਼ਵਾਸ਼ਪਾਤਰ ਮੰਤਰੀਆਂ ਵਿਚ ਗਿਣਿਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਸੰਗਠਨ ਸਮੇਂ ਤੋਂ ਹੀ ਆਤਿਸ਼ੀ ਸਰਗਰਮ ਵਰਕਰ ਵਜੋਂ ਕੰਮ ਕਰਦੀ ਆ ਰਹੀ ਹੈ। ਆਤਿਸ਼ੀ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।
ਅਰਵਿੰਦ ਕੇਜਰੀਵਾਲ ਅੱਜ ਸ਼ਾਮ ਨੂੰ ਦਿੱਲੀ ਦੇ ਰਾਜਪਾਲ ਨਾਲ ਮੀਟਿੰਗ ਕਰਨਗੇ। ਇਸ ਮੌਕੇ ਅਰਵਿੰਦਰ ਕੇਜਰੀਵਾਲ ਮੁੱਖ ਮੰਤਰੀ ਦੇ ਆਹੁਦੇ ਤੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਣਗੇ। ਇਸਦੇ ਨਾਲ ਹੀ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਜਾਵੇਗਾ ਅਤੇ ਅਗਲੇ ਦਿਨਾਂ ਵਿਚ ਆਤਿਸ਼ੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।