
ਨਵੀਂ ਦਿੱਲੀ : ਸੀ ਬੀ ਐਸ ਈ ਨੇ 9ਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਰਜਿਸਟਰੇਸ਼ਨ ਅੱਜ 17 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਹੈ। ਨਵੇਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦੀ ਆਖਰੀ ਤਰੀਕ 16 ਅਕਤੂਬਰ ਮਿਥੀ ਗਈ ਹੈ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਗਲੀਆਂ ਸਲਾਨਾ ਪ੍ਰੀਖਿਆਵਾਂ ਲਈ ਹੁਣੇ ਤੋਂ ਹੀ ਰਜਿਸਟਰੇਸ਼ਨ ਕਰਵਾ ਲੈਣ।
ਇਸ ਵਾਰ ਸੀ ਬੀ ਐਸ ਈ ਨੇ ਸਕੂਲਾਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਹਨ ਕਿ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਮੌਕੇ ਰਜਿਸਟਰੇਸ਼ਨ ਬਹੁਤ ਹੀ ਸਾਵਧਾਨੀ ਨਾਲ ਭਰੇ ਜਾਣ। ਬੋਰਡ ਨੇ ਵਿਦਿਆਰਥੀਆਂ ਦੀ ਜਨਮ ਤਰੀਕ ਬਾਰੇ ਫੈਸਲਾ ਕੀਤਾ ਹੈ ਕਿ ਰਜਿਸਟਰੇਸ਼ਨ ਵਿਚ ਭਰੀ ਗਈ ਜਨਮ ਤਰੀਕ ਬਾਅਦ ਵਿਚ ਬਦਲੀ ਨਹੀਂ ਜਾਵੇਗੀ। ਇਸ ਲਈ ਸਾਰੇ ਸਕੂਲਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਦਾ ਰਜਿਸਟਰੇਸ਼ਨ ਫਾਰਮ ਭਰਦੇ ਸਮੇਂ ਬਹੁਤ ਹੀ ਸਾਵਧਾਨੀ ਵਰਤੀ ਜਾਵੇ। ਵਿਦਿਆਰਥੀ ਦੀ ਜਨਮ ਤਰੀਕ ਉਸਦੇ ਬਾਕੀ ਦਸਤਾਵੇਜ਼ਾਂ ਨਾਲ ਮਿਲਾ ਕੇ ਹੀ ਭਰੀ ਜਾਵੇ ਤਾਂ ਜੋ ਬਾਅਦ ਵਿਚ ਵਿਦਿਆਰਥੀ ਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਨਾ ਆਵੇ। ਇਕ ਵਾਰ ਜਿਸ ਵੀ ਵਿਦਿਆਰਥੀ ਦੀ ਰਜਿਸਟਰੇਸ਼ਨ ਹੋ ਗਈ, ਉਸ ਤੋਂ ਬਾਅਦ ਉਸਦੀ ਜਨਮ ਤਰੀਕ ਵਿਚ ਕੋਈ ਵੀ ਸੋਧ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਜੇਕਰ ਗਲਤ ਜਨਮ ਤਰੀਕ ਭਰੀ ਜਾਂਦੀ ਸੀ ਤਾਂ ਉਸ ਨੂੰ ਬਾਅਦ ਵਿਚ ਦਰੁਸਤ ਕੀਤਾ ਜਾ ਸਕਦਾ ਸੀ। ਪਰ ਹੁਣ ਜੋ ਵੀ ਜਨਮ ਤਰੀਕ ਰਜਿਸਟਰੇਸ਼ਨ ਫਾਰਮ ਵਿਚ ਭਰੀ ਗਈ, ਬਾਅਦ ਵਿਚ ਉਹ ਕਿਸੇ ਵੀ ਹਾਲਤ ਵਿਚ ਦਰੁਸਤ ਨਹੀਂ ਹੋਵੇਗੀ। ਇਸ ਲਈ ਜੇਕਰ ਕਿਸੇ ਵਿਦਿਆਰਥੀ ਦੀ ਜਨਮ ਤਰੀਕ ਗਲਤ ਭਰੀ ਜਾਂਦੀ ਹੈ ਤਾਂ ਉਸ ਨੂੰ ਭਵਿੱਖ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬੋਰਡ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚੇ ਦੀ ਜਨਮ ਤਰੀਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।