
ਬਟਾਲਾ, 23 ਫਰਵਰੀ : ਪੰਜਾਬ ਪੁਲੀਸ ਨੇ ਅੱਜ ਅਮਰੀਕਾ ਵਿਚ ਰਹਿੰਦੇ ਗੈਂਗਸਟਰ ਗੁਰਦੇਵ ਸਿੰਘ ਜੱਸਲ ਵਲੋਂ ਪੰਜਾਬ ਵਿਚੋਂ ਫਿਰੌਤੀਆਂ ਮੰਗਣ ਵਾਲੇ ਗ੍ਰੋਹ ਦਾ ਪਰਦਾਫਾਸ਼ ਕਰਦਿਆਂ ਪੁਲੀਸ ਦੇ ਹੀ ਇਕ ਏ ਐਸ ਆਈ ਸਰਜੀਤ ਸਿੰਘ ਅਤੇ ਉਸਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਏ ਐਸ ਆਈ ਸੁਰਜੀਤ ਸਿੰਘ ਬਟਾਲਾ ਵਿਖੇ ਤਾਇਨਾਤ ਸੀ ਅਤੇ ਉਸਦਾ ਸਾਥੀ ਅੰਕੁਸ ਮੈਨੀ ਜਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦਾ ਵਾਸੀ ਹੈ। ਇਨ੍ਹਾਂ ਦੇ ਕਬਜੇ ਵਿਚੋਂ 83 ਲੱਖ ਰੁਪਏ ਦੀ ਫਿਰੌਤੀ ਦੀ ਰਕਮ, ਗੈਰਕਾਨੂੰਨੀ ਹਥਿਆਰ ਅਤੇ ਕਈ ਮਹਿੰਗੇ ਵਾਹਨ ਵੀ ਬਰਾਮਦ ਕੀਤੇ ਹਨ। ਪੁਲੀਸ ਮੁਖੀ ਨੇ ਦੱਸਿਆ ਕਿ ਇਹ ਸਾਰੇ ਅਮਰੀਕਾ ਵਿਚ ਰਹਿੰਦੇ ਗੈਂਗਸਟਰ ਗੁਰਦੇਵ ਜੱਸਲ ਦੇ ਇਸ਼ਾਰੇ ‘ਛੇ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਇਨ੍ਹਾਂ ਨੇ ਕਲਾਨੌਰ ਦੇ ਇਕ ਵਪਾਰੀ ਨੂੰ ਡਰਾਉਣ ਅਤੇ ਉਸ ਤੋਂ ਫਿਰੌਤੀ ਲੈਣ ਲਈ ਉਸਦੇ ਪੈਟਰੋਲ ਪੰਪ ‘ਤੇ ਗੋਲੀਬਾਰੀ ਵੀ ਕੀਤੀ ਸੀ। ਇਸ ਕਾਰੋਬਾਰੀ ਪਾਸੋਂ ਇਨ੍ਹਾਂ ਨੇ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਵਪਾਰੀ ਨੇ 11 ਫਰਵਰੀ ਨੂੰ 50 ਲੱਖ ਰੁਪਏ ਦੇ ਵੀ ਦਿੱਤੇ ਸਨ। ਇਸੇ ਤਰਾਂ ਹੋਰ ਵੀ ਕਈ ਵਿਅਕਤੀਆਂ ਤੋਂ ਇਨ੍ਹਾਂ ਫਿਰੌਤੀਆਂ ਲਈਆਂ ਸਨ।