ਚੰਡੀਗੜ੍ਹ, 28 ਦਸੰਬਰ : ਪੰਜਾਬ ਸਰਕਾਰ ਵਲੋਂ ਸਾਲ 2024 ਦੌਰਾਨ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜੇ ਹਟਾਉਣ ਦੀ ਮੁਹਿੰਮ ਦੌਰਾਨ 12809 ਏਕੜ ਪੰਚਾਇਤੀ ਜ਼ਮੀਨਾਂ ਤੋਂ ਕਬਜੇ ਹਟਾਏ ਗਏ ਹਨ, ਜਿਸ ਦੀ ਕੀਮਤ ਤਿੰਨ ਹਜਾਰ ਕਰੋੜ ਤੋਂ ਵੀ ਜਿਆਦਾ ਬਣਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਨੇ ਦੱਸਿਆ ਕਿ ਨਜਾਇਜ ਕਬਜੇ ਛੁਡਾਉਣ ਤੋਂ ਬਾਅਦ ਛੇ ਹਜਾਰ ਏਕੜ ਜ਼ਮੀਨ ਤਾਂ ਠੇਕੇ ‘ਤੇ ਵੀ ਦੇ ਦਿੱਤੀ ਗਈ ਹੈ, ਜਿਸ ਤੋਂ 10.76 ਕਰੋੜ ਰੁਪਏ ਦੀ ਸਲਾਨਾ ਆਮਦਨ ਹੋਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਾਮਲਾਤ ਜ਼ਮੀਨਾਂ ਦੀ ਨਿਲਾਮੀ ਨਾਲ ਵੀ 469 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਇਸੇ ਤਰਾਂ ਪਸ਼ੂ ਮੇਲਿਆਂ ਲਈ ਜਗ੍ਹਾ ਠੇਕੇ ‘ਤੇ ਦੇਣ ਲਈ ਈ ਆਕਸ਼ਨ ਕਰਵਾਈ ਗਈ, ਜਿਸ ਤੋਂ 93.90 ਕਰੋੜ ਰੁਪਏ ਦੀ ਆਮਦਨ ਹੋਈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਪਿੰਡ ਵਿਚ ਲਾਇਬਰੇਰੀ ਖੋਲਣ ਦਾ ਸੁਪਨਾ ਲਿਆ ਸੀ। ਇਸ ਲਈ ਇਸ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਭਰ ਵਿਚ 114 ਪੇਂਡੂ ਲਾਇਬਰੇਰੀਆਂ ਚਾਲੂ ਹੋ ਗਈਆਂ ਹਨ ਅਤੇ 176 ਪੇਂਡੂ ਲਾਇਬਰੇਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਬਣੇ ਸੈਲਫ ਹੈਲਪ ਗਰੁੱਪਾਂ ਨੂੰ ਕਰਜੇ ਦਿਵਾਉਣ, ਪੇਂਡੂ ਮਜਦੂਰਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ, ਪਿੰਡਾਂ ਵਿਚ ਪੌਦੇ ਲਗਾਉਣ ਤੋਂ ਇਲਾਵਾ ਪਿੰਡਾਂ ਵਿਚ 2461 ਖੇਡ ਮੈਦਾਨ ਬਣਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਵਲੋਂ ਕਈ ਨਵੀਆਂ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ।