
ਨਵੀਂ ਦਿੱਲੀ, 12 ਅਕਤੂਬਰ – ਭਾਰਤ ਆਉਣ ਵਾਲੇ 5 ਸਾਲਾਂ ਵਿੱਚ 52 ਜਾਸੂਸੀ ਸੈਟੇਲਾਈਟ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸੈਟੇਲਾਈਟ ਮੁੱਖ ਤੌਰ ‘ਤੇ ਗੁਆਂਢੀ ਦੇਸ਼ਾਂ ਚੀਨ ਅਤੇ ਪਾਕਿਸਤਾਨ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਵਰਤੇ ਜਾਣਗੇ। ਇਸ ਨਾਲ ਭਾਰਤੀ ਸੈਨਾ ਦੀ ਨਿਗਰਾਨੀ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ।
ਟਾਈਮਜ਼ ਆਫ਼ ਇੰਡੀਆ ਨੇ ਇਸਰੋ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (CCS) ਨੇ 7 ਅਕਤੂਬਰ ਨੂੰ ਸਪੇਸ ਬੇਸਡ ਸਰਵੀਲਾਂਸ (SBS-3) ਪ੍ਰੋਗਰਾਮ ਦੇ ਤੀਜੇ ਪੜਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਸਾਰੇ ਸੈਟੇਲਾਈਟ ਆਰਟੀਫਿਸ਼ੀਅਲ ਇੰਟੈਲੀਜੈਂਸ (AI) ‘ਤੇ ਆਧਾਰਿਤ ਹੋਣਗੇ ਅਤੇ 36,000 ਕਿਲੋਮੀਟਰ ਦੀ ਉਚਾਈ ‘ਤੇ ਆਪਸ ਵਿੱਚ ਸੰਚਾਰ ਕਰ ਸਕਣਗੇ। ਇਸ ਨਾਲ ਧਰਤੀ ਤੱਕ ਸਿਗਨਲ, ਸੁਨੇਹੇ ਅਤੇ ਤਸਵੀਰਾਂ ਭੇਜਣ ਵਿੱਚ ਆਸਾਨੀ ਹੋਵੇਗੀ।
52 ਸੈਟੇਲਾਈਟਾਂ ਦੀ ਲਾਂਚਿੰਗ ‘ਤੇ ਲਗਭਗ 27,000 ਕਰੋੜ ਰੁਪਏ ਖਰਚ ਹੋਣਗੇ। ਇਨ੍ਹਾਂ ਵਿੱਚੋਂ 21 ਸੈਟੇਲਾਈਟ ਇਸਰੋ ਵੱਲੋਂ ਬਣਾਏ ਜਾਣਗੇ, ਜਦਕਿ 31 ਸੈਟੇਲਾਈਟ ਨਿੱਜੀ ਕੰਪਨੀਆਂ ਤਿਆਰ ਕਰਨਗੀਆਂ।
ਇਸਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਿਛਲੇ ਦਸੰਬਰ ਵਿੱਚ ਕਿਹਾ ਸੀ ਕਿ ਸੈਟੇਲਾਈਟਾਂ ਵਿਚਕਾਰ ਸੰਚਾਰ ਹੋ ਸਕੇਗਾ। ਜੇਕਰ ਕੋਈ ਸੈਟੇਲਾਈਟ 36,000 ਕਿਲੋਮੀਟਰ ਦੀ ਉਚਾਈ ‘ਤੇ GEO (ਜੀਓਸਿੰਕ੍ਰੋਨਸ ਇਕੁਏਟੋਰੀਅਲ ਆਰਬਿਟ) ਵਿੱਚ ਕੁਝ ਪਤਾ ਲਗਾਉਂਦਾ ਹੈ, ਤਾਂ ਉਹ ਹੇਠਲੀ ਕੱਖਾ (400-600 ਕਿਲੋਮੀਟਰ ਦੀ ਉਚਾਈ ‘ਤੇ) ਵਿੱਚ ਦੂਜੇ ਸੈਟੇਲਾਈਟ ਨੂੰ ਸੁਨੇਹਾ ਭੇਜ ਸਕੇਗਾ ਕਿ ਸ਼ੱਕੀ ਇਲਾਕੇ ਵਿੱਚ ਹੋਰ ਜਾਂਚ ਕਰੇ।
ਭਾਰਤ ਦੇ ਸਪੇਸ ਬੇਸਡ ਸਰਵੀਲਾਂਸ (SBS) ਮਿਸ਼ਨ ਦੀ ਸ਼ੁਰੂਆਤ 2001 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤੀ ਸੀ। SBS 1 ਪ੍ਰੋਗਰਾਮ ਤਹਿਤ 2001 ਵਿੱਚ ਚਾਰ ਸੈਟੇਲਾਈਟ ਲਾਂਚ ਕੀਤੇ ਗਏ ਸਨ, ਜਿਨ੍ਹਾਂ ਵਿੱਚ ਰਿਸੈਟ ਪ੍ਰਮੁੱਖ ਸੀ। ਇਸ ਤੋਂ ਬਾਅਦ SBS 2 ਮਿਸ਼ਨ ਵਿੱਚ 2013 ਵਿੱਚ 6 ਸੈਟੇਲਾਈਟ ਲਾਂਚ ਕੀਤੇ ਗਏ।
ਇਸਰੋ ਨੇ ਸਭ ਤੋਂ ਪਹਿਲਾਂ 2013 ਵਿੱਚ ਭਾਰਤੀ ਨੌਸੈਨਾ ਲਈ GSAT-7 ਸੈਟੇਲਾਈਟ ਲਾਂਚ ਕੀਤਾ ਸੀ, ਜਿਸਨੂੰ ਰੁਕਮਣੀ ਵੀ ਕਿਹਾ ਜਾਂਦਾ ਹੈ। ਪੰਜ ਸਾਲ ਬਾਅਦ 2018 ਵਿੱਚ ਏਅਰ ਫੋਰਸ ਲਈ GSAT-7A ਜਾਂ ਐਂਗਰੀ ਬਰਡ ਸੈਟੇਲਾਈਟ ਲਾਂਚ ਕੀਤਾ ਗਿਆ। ਫ਼ੌਜ ਲਈ 2023 ਵਿੱਚ GSAT-7 ਸੈਟੇਲਾਈਟ ਨੂੰ ਮਨਜ਼ੂਰੀ ਦਿੱਤੀ ਗਈ, ਜਿਸਨੂੰ 2026 ਤੱਕ ਪੁਲਾੜ ਵਿੱਚ ਸਥਾਪਿਤ ਕੀਤਾ ਜਾ ਸਕਦਾ ਹੈ।