
ਚੰਡੀਗੜ੍ਹ, 18 ਜਨਵਰੀ : ਪੰਜਾਬ ਵਿਚ ਹੁਣ ਜੇਕਰ ਕਿਸੇ ਪਸ਼ੂ ਨੂੰ ਸੱਪ ਵਲੋਂ ਡੰਗ ਲਿਆ ਜਾਂਦਾ ਹੈ ਤਾਂ ਜਿਲਾ ਅਤੇ ਤਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ ਵਿਚ ਉਸ ਪਸ਼ੂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਪਸ਼ੂ ਹਸਪਤਾਲਾਂ ਵਿਚ ਸੱਪ ਦੇ ਡੰਗਣ ਦੇ ਇਲਾਜ਼ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਜਿਲਾ ਪੱਧਰ ‘ਤੇ 22 ਪੌਲੀਕਲੀਨਿਕਾਂ ਅਤੇ ਤਹਿਸੀਲ ਪੱਧਰ ‘ਤੇ ਬਣੇ 97 ਵੈਅਰਨਰੀ ਹਸਪਤਾਲਾਂ ਵਿਚ ਸੱਪ ਦੇ ਜ਼ਹਿਰ ਤੋਂ ਬਚਾਅ ਲਈ ਪੌਲੀਵੈਲੇਂਟ ਦਵਾਈ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਲਈ ਇਹ ਬਹੁਤ ਵੱਡੀ ਸਮੱਸਿਆ ਸੀ ਕਿ ਜਦੋਂ ਕਿਸੇ ਪਸ਼ੂ ਨੂੰ ਸੱਪ ਡੱਸ ਜਾਂਦਾ ਸੀ ਤਾਂ ਪਸ਼ੂ ਦਾ ਇਲਾਜ਼ ਬਹੁਤ ਮੁਸ਼ਕਲ ਹੁੰਦਾ ਸੀ। ਬਹੁਤੀ ਵਾਰ ਪਸ਼ੂ ਦੀ ਮੌਤ ਹੋ ਜਾਂਦੀ ਸੀ। ਇਸ ਲਈ ਸਰਕਾਰ ਨੇ ਡੇਅਰੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਸੱਪ ਦੇ ਡੱਸੇ ਦਾ ਇਲਾਜ਼ ਮੁਫਤ ਕਰਨ ਦਾ ਫੈਸਲਾ ਕੀਤਾ ਹੈ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੱਪ ਦੇ ਡੰਗਣ ਨਾਲ ਹੋਣ ਵਾਲੀ ਸਮੱਸਿਆ ਦੇ ਮੁੱਢਲੇ ਲੱਛਣਾ ਵਿਚ ਸਾਹ ਲੈਣ ਵਿਚ ਤਕਲੀਫ ਹੋਣਾ, ਸਰੀਰ ‘ਤੇ ਦੰਦ ਨਿਸ਼ਾਨ ਹੋਣੇ, ਸਰੀਰ ਵਿਚ ਦਰਦ ਹੋਣਾ, ਪਸ਼ੂ ਨੂੰ ਕਾਂਬਾ ਛਿੜਣਾ, ਅਧਰੰਗ ਹੋਣਾ ਜਾਂ ਪਿਸ਼ਾਬ ਵਿਚ ਖੂਨ ਆਉਣਾ ਸ਼ਾਮਲ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਪਸ਼ੂ ਵਿਚ ਅਜਿਹੇ ਲੱਛਣ ਦਿਖਣ ਤਾਂ ਤੁਰੰਤ ਪਸ਼ੂ ਹਸਪਤਾਲ ਵਿਚ ਪਹੁੰਚਣ।