
ਅੰਮ੍ਰਿਤਸਰ, 22 ਮਈ, 2026-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਪੁਲਿਸ ਵੱਲੋਂ ਸਾਈਬਰ ਅੱਤਵਾਦ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਪੱਛਮੀ ਬੰਗਾਲ ਤੋਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ‘ਤੇ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ।
ਸ਼ੁਕਰਵਾਰ ਨੂੰ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ੁਰੂ ਤੋਂ ਹੀ ਇਹ ਵਚਨ ਦਿੰਦੀ ਆਈ ਹੈ ਕਿ ਪੰਜਾਬ ਦੇ ਅੰਦਰ ਦਹਿਸ਼ਤ ਫੈਲਾਉਣ ਵਾਲੇ, ਗੋਲੀਬਾਰੀ ਕਰਨ ਵਾਲੇ, ਧਮਾਕੇ ਕਰਨ ਵਾਲੇ ਜਾਂ ਕਿਸੇ ਵੀ ਤਰੀਕੇ ਨਾਲ ਸੂਬੇ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰ ਵਿੱਚ ਸਾਈਬਰ ਅੱਤਵਾਦ ਇੱਕ ਨਵੀਂ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ, ਜਿਸ ਤਹਿਤ ਸਕੂਲਾਂ, ਕਾਲਜਾਂ ਅਤੇ ਸਰਕਾਰੀ ਇਮਾਰਤਾਂ ਨੂੰ ਬੰਬ ਧਮਾਕਿਆਂ ਦੀਆਂ ਝੂਠੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕਰਦਿਆਂ ਅੰਮ੍ਰਿਤਸਰ ਪੁਲਿਸ ਦੇ ਬਹਾਦਰ ਜਵਾਨਾਂ ਨੇ ਪੱਛਮੀ ਬੰਗਾਲ ਤੋਂ ਸਾਈਬਰ ਅੱਤਵਾਦ ਦੇ ਇੱਕ ਵੱਡੇ ਨੈੱਟਵਰਕ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਧਾਲੀਵਾਲ ਨੇ ਦੱਸਿਆ ਕਿ ਫੜਿਆ ਗਿਆ ਵਿਅਕਤੀ 30 ਸਾਲਾ ਨੌਜਵਾਨ ਹੈ, ਜਿਸ ਦੇ ਪਾਕਿਸਤਾਨ, ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਅਤੇ ਸੂਬਿਆਂ ਨਾਲ ਸੰਪਰਕ ਸਨ। ਇਹ ਸ਼ਖਸ ਇੱਕ ਵੱਡੇ ਗਰੋਹ ਦਾ ਹਿੱਸਾ ਸੀ, ਜੋ ਈਮੇਲਾਂ ਅਤੇ ਵਟਸਐਪ ਗਰੁੱਪਾਂ ਰਾਹੀਂ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਦਹਿਸ਼ਤ ਫੈਲਾਉਂਦਾ ਰਿਹਾ। ਇਹੀ ਉਹ ਵਿਅਕਤੀ ਹੈ ਜਿਸ ਨੇ ਪੰਜਾਬ ਸਕੱਤਰੇਤ, ਵਿਧਾਨ ਸਭਾ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਸਨ।
ਧਾਲੀਵਾਲ ਨੇ ਸਾਫ਼ ਕਿਹਾ ਕਿ ਸਾਈਬਰ ਅੱਤਵਾਦ ਨੂੰ ਕੰਟਰੋਲ ਕਰਨਾ ਆਮ ਅੱਤਵਾਦ ਨਾਲੋਂ ਕਿਤੇ ਵੱਧ ਔਖਾ ਕੰਮ ਹੈ, ਕਿਉਂਕਿ ਅਮਰੀਕਾ, ਕੈਨੇਡਾ ਜਾਂ ਕਿਸੇ ਵੀ ਦੇਸ਼ ਵਿੱਚ ਬੈਠਾ ਵਿਅਕਤੀ ਸਾਈਬਰ ਮਾਧਿਅਮ ਰਾਹੀਂ ਧਮਕੀਆਂ ਦੇ ਸਕਦਾ ਹੈ। ਇਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਇਸ ਚੁਣੌਤੀ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਉਨ੍ਹਾਂ ਪੰਜਾਬ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਆਪ ਸਰਕਾਰ ਹਰ ਵਿਅਕਤੀ ਦੀ ਹਿਫਾਜ਼ਤ ਕਰਨ ਲਈ ਵਚਨਵੱਧ ਹੈ।
ਨਸ਼ਿਆਂ ਖਿਲਾਫ਼ ਜਾਰੀ ਮੁਹਿੰਮ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਵੱਡੇ ਤੋਂ ਵੱਡੇ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਕੀਤਾ ਹੈ, ਜੋ ਪਹਿਲਾਂ ਕਿਸੇ ਸਰਕਾਰਾਂ ਦੇ ਸਮੇਂ ਨਹੀਂ ਹੋਇਆ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੀ 332 ਕਿਲੋਮੀਟਰ ਲੰਬੀ ਸਰਹੱਦ ‘ਤੇ ਤੈਨਾਤ ਬੀਐਸਐਫ ਜਵਾਨਾਂ ਨੂੰ ਆਧੁਨਿਕ ਡਰੋਨ-ਰੋਧੀ ਤਕਨੀਕ ਅਤੇ ਹਥਿਆਰ ਮੁਹੱਈਆ ਕਰਵਾਏ ਜਾਣ, ਜੋ ਹੁਣ ਤੱਕ ਨਹੀਂ ਦਿੱਤੇ ਗਏ।