ਲੁਧਿਆਣਾ, 15 ਦਸੰਬਰ : ਪੰਜਾਬ ਵਿਚ 21 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਨਗਰ ਨਿਗਮ ਚੋਣਾ ਲਈ ਆਮ ਆਦਮੀ ਪਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਦੇ ਸਿਲਸਲੇ ਵਿਚ ਲੁਧਿਆਣਾ ਲਈ ਵੀ ਪੰਜ ਗਰੰਟੀਆਂ ਦਾ ਐਲਾਨ ਕੀਤਾ ਗਿਆ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਗਰੰਟੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਦੀ ਜਿੱਤ ਹਾਸਲ ਕਰਨ ਪਿਛੋਂ ਆਮ ਆਦਮੀ ਪਾਰਟੀ ਦਾ ਮੇਅਰ ਬਨਣ ਦੇ ਨਾਲ ਹੀ ਲੁਧਿਆਣਾ ਦੀਆਂ ਗਰੰਟੀਆਂ ‘ਤੇ ਅਮਲ ਸ਼ੁਰੂ ਹੋ ਜਾਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਹੁਣ ਇਨ੍ਹਾਂ ਚੋਣਾ ਵਿਚ ਦਿੱਤੀਆਂ ਗਈਆਂ ਗਰੰਟੀਆਂ ਵੀ ਹਰ ਹਾਲਤ ਵਿਚ ਪੂਰੀਆਂ ਹੋਣਗੀਆਂ।
ਲੁਧਿਆਣਾ ਲਈ ਗਰੰਟੀਆਂ ਦਾ ਐਲਾਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਹਿਲੀ ਗਰੰਟੀ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਅਤੇ ਪੁਨਰ ਸੁਰਜੀਤੀ ਦੀ ਹੈ। ਉਨ੍ਹਾਂ ਨੇ ਕਿਹਾ ਕਿ ਬੁੱਢਾ ਦਰਿਆ ਇਤਿਹਾਸਕ ਦਰਿਆ ਹੈ, ਜੋ ਪ੍ਰਦੂਸ਼ਿਤ ਡਰੇਨ ਵਿਚ ਬਦਲ ਚੁੱਕਾ ਹੈ। ਇਸ ਦਰਿਆ ਦੀ ਪੁਨਰ ਸੁਰਜੀਤੀ ਲਈ ਇਕ ਵਿਆਪਕ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਅਤੇ ਸੀਵਰੇਜ਼ ਤੇ ਫੈਕਟਰੀਆਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿਚ ਪਾਉਣਾ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਸਾਫ ਕਰਕੇ ਕੁਦਰਤੀ ਸੁੰਦਰਤਾ ਨਮੂਨਾ ਬਣਾਇਆ ਜਾਵੇਗਾ ਅਤੇ ਇਸ ਨੂੰ ਇਕ ਪ੍ਰਫੁੱਲਿਤ ਜਲਘਰ ਵਿਚ ਤਬਦੀਲ ਕੀਤਾ ਜਾਵੇਗਾ।
ਅਮਨ ਅਰੋੜਾ ਨੇ ਦੂਜੀ ਗਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਇਆ ਜਾਵੇਗਾ। ਲੁਧਿਆਣਾ ਦੇ ਹਰ ਘਰ ਵਿਚ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਲਈ ਸਾਰਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ।
ਤੀਜੀ ਗਰੰਟੀ ਤਹਿਤ ਲੁਧਿਆਣਾ ਸ਼ਹਿਰ ਵਿਚ ਪ੍ਰਦੂਸ਼ਣ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਲਈ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਅਤੇ ਬੱਸਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨ ਵੀ ਬਣਾਏ ਜਾਣਗੇ।
ਚੌਥੀ ਗਰੰਟੀ ਲੁਧਿਆਣਾ ਨੂੰ ਕੂੜਾ ਮੁਕਤ ਕਰਨ ਲਈ ਕੂੜਾ ਪ੍ਰਬੰਧਨ ਦੀ ਦਿੱਤੀ ਗਈ। ਇਸ ਅਧੀਨ ਲੁਧਿਆਣਾ ਦੇ ਸਾਰੇ ਕੂੜੇ ਦੇ ਡੰਪਾਂ ਨੂੰ ਹਟਾ ਕੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਪੂਰੇ ਸ਼ਹਿਰ ਦਾ ਕੂੜਾ ਕਿਸੇ ਵੱਖਰੀ ਥਾਂ ‘ਤੇ ਲਿਜਾ ਕੇ ਨਸ਼ਟ ਕੀਤਾ ਜਾਵੇਗਾ।
ਪੰਜਵੀਂ ਗਰੰਟੀ ਤਹਿਤ ਲੁਧਿਆਣਾ ਵਿਚ ਆਵਾਜਾਈ ਨੂੰ ਸੁਖਾਲਾ ਕਰਨ ਲਈ ਅਤੇ ਥਾਂ ਥਾਂ ਟਰੈਫਿਕ ਜ਼ਾਮ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ। ਜਿਥੇ ਜਿਥੇ ਵੀ ਜਿਆਦਾ ਟਰੈਫਿਕ ਜ਼ਾਮ ਹੁੰਦੇ ਹਨ, ਉਥੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਸੜਕੀ ਢਾਂਚੇ ਨੂੰ ਹੋਰ ਅਧੁਨਿਕ ਢੰਗਾਂ ਨਾਲ ਵਿਕਸਤ ਕੀਤਾ ਜਾਵੇਗਾ।
ਅਮਨ ਅਰੋੜਾ ਨੇ ਕਿਹਾ ਕਿ ਇਹ ਗਰੰਟੀਆਂ ਕੇਵਲ ਐਲਾਨਾਂ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ, ਸਗੋਂ ਚੋਣਾ ਤੋਂ ਬਾਅਦ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਚੋਣਾ ਦੌਰਾਨ ਲੋਕਾਂ ਦੇ ਮਿਲ ਰਹੇ ਸਹਿਯੋਗ ਦੀ ਗੱਲ ਕਰਦਿਆਂ ਅਮਨ ਅਰੋੜਾ ਨੇ ਭਰੋਸਾ ਪ੍ਰਗਟ ਕੀਤਾ ਕਿ ਲੁਧਿਆਣਾ ਦੇ ਸਾਰੇ ਵਾਰਡਾਂ ਵਿਚੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ।