Thursday, November 26Malwa News
Shadow

ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਪਟਿਆਲਾ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਦੀਆਂ ਨਗਰ ਕੌਂਸਲ ਚੋਣਾਂ ਲਈ ਯੋਗ ਕਾਮਿਆਂ ਅਤੇ ਕਰਮਚਾਰੀਆਂ ਨੂੰ ਵੋਟ ਪਾਉਣ ਲਈ 28 ਨਵੰਬਰ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ, 26 ਨਵੰਬਰ:    ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਪਟਿਆਲਾ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਦੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਵਜੋਂ ਰਜਿਸਟਰਡ ਕਾਮਿਆਂ ਅਤੇ ਕਰਮਚਾਰੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਦੇਣ ਲਈ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਕਿਰਤ ਵਿਭਾਗ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੂਬੇ ਵਿੱਚ ਸਥਿਤ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਬਾਲਗ ਕਾਮਿਆਂ ਅਤੇ ਕਰਮਚਾਰੀਆਂ, ਜੋ ਸਬੰਧਤ ਨਗਰ ਨਿਗਮ/ਨਗਰ ਕੌਂਸਲਾਂ ਦੇ ਸਬੰਧਤ ਵਾਰਡਾਂ ਦੇ ਅਧਿਕਾਰ ਖੇਤਰ ਅਧੀਨ ਵੋਟਰ ਵਜੋਂ ਰਜਿਸਟਰਡ ਹਨ, ਨੂੰ 28 ਨਵੰਬਰ, 2026 (ਸ਼ਨੀਵਾਰ) ਨੂੰ ਹੋਣ ਵਾਲੀ ਪੋਲਿੰਗ ਵਾਲੇ ਦਿਨ ਆਪਣੀ ਵੋਟ ਪਾਉਣ ਦਾ ਮੌਕਾ ਦੇਣ ਲਈ “ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਵਰਕਿੰਗ ਕੰਡੀਸ਼ਨਜ਼ ਕੋਡ, 2020 (ਕੇਂਦਰੀ ਐਕਟ 37 ਆਫ਼ 2020)” ਦੀ ਧਾਰਾ 26 ਦੀ ਉਪ-ਧਾਰਾ (2) ਅਤੇ ਉਪ-ਧਾਰਾ (3) ਤਹਿਤ ਕੰਪਨਸੇਟਰੀ ਛੁੱਟੀ ਦੇ ਉਪਬੰਧਾਂ ਦੇ ਅਧੀਨ ਕੋਡ ਦੀ ਧਾਰਾ 26 ਦੀ ਉਪ-ਧਾਰਾ (1) ਦੇ ਉਪਬੰਧਾਂ ਤੋਂ ਛੋਟ ਦਿੰਦਿਆਂ ਛੁੱਟੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਚੋਣਾਂ ਨਗਰ ਨਿਗਮ, ਪਟਿਆਲਾ ਦੇ 30 ਵਾਰਡਾਂ, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਵਾਰਡਾਂ ਅਤੇ ਨਗਰ ਕੌਂਸਲ ਧਰਮਕੋਟ, ਜ਼ਿਲ੍ਹਾ ਮੋਗਾ ਦੇ 7 ਵਾਰਡਾਂ ਲਈ ਕਰਵਾਈਆਂ ਜਾ ਰਹੀਆਂ ਹਨ।

ਨੋਟੀਫਿਕੇਸ਼ਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਧਾਰਾ 26 ਦੀ ਉਪ-ਧਾਰਾ (3) ਅਧੀਨ ਕੰਪਨਸੇਟਰੀ ਛੁੱਟੀ (Compensatory Holiday) ਸਬੰਧੀ ਉਪਬੰਧ ਲਾਗੂ ਰਹਿਣਗੇ ਤਾਂ ਜੋ ਸਬੰਧਤ ਕਾਮੇ ਅਤੇ ਕਰਮਚਾਰੀ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰ ਸਕਣ।