ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਦੁਨੀਆਂ ਵਿੱਚ ਅਲਹਦਾ ਪਹਿਚਾਣ ਸਥਾਪਿਤ ਕਰ ਲੈਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਜਸਬੀਰ ਗਿੱਲ, ਜੋ ਹੁਣ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਵੱਲ ਵਧਣ ਜਾ ਰਹੇ ਹਨ, ਜਿੰਨਾਂ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਗਏ ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਅ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਬਤੌਰ ਨਿਰਦੇਸ਼ਕ ਪੰਜਾਬੀ ਫਿਲਮ ‘ਗੁਰਸ਼ੀਦ ਮੁਹੰਮਦ’, ਜਿਸ ਨੂੰ ਜਲਦ ਵਿਸ਼ਵ ਭਰ ਵਿੱਚ ਪ੍ਰਦਸ਼ਿਤ ਕੀਤਾ ਜਾਵੇਗਾ।
ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਪੰਜਾਬੀ ਫਿਲਮਾਂ ਵਿੱਚ ਮਹੱਤਵਪੂਰਨ ਕਿਰਦਾਰਾਂ ਨੂੰ ਅੰਜ਼ਾਮ ਦੇ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜਿੰਨਾਂ ਵਿੱਚ ‘ਮਿੱਟੀ ਦੇ ਪੁੱਤ’, ‘ਇਸ਼ਕਨਾਮਾ, ‘ਮੁੱਕ ਗਈ ਫੀਮ ਡੱਬੀ ਚੋਂ ਯਾਰੋ’, ‘ਮਿੰਦਾ ਲਲਾਰੀ’, ‘ਪੰਜਾਬ 95 ‘ ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਲੀਡਿੰਗ ਅਤੇ ਵੰਨ-ਸੁਵੰਨਤਾ ਭਰੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।ਰੰਗਮੰਚ ਦੇ ਸਿਰਮੌਰ ਅਦਾਕਾਰ ਵਜੋਂ ਭੱਲ ਰੱਖਦੇ ਇਹ ਹੋਣਹਾਰ ਅੱਜ ਵੀ ਥੀਏਟਰ ਜਗਤ ਵਿਚ ਬਰਬਰਤਾ ਨਾਲ ਸਰਗਰਮ ਹਨ, ਜਿੰਨਾਂ ਦੇ ਨਿਰਦੇਸ਼ਨ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ‘ਚੋਰ’ (2021), ‘ਮੋਰਚਾ’ (2022), ‘ਬੱਬਰ 1920’ (2022), ‘ਜੀਓਂਦੇ ਜੀ’ (2024) ਅਤੇ ‘1923 ਦ ਅਨਟੋਲਡ ਸਟੋਰੀ’ (2026) ਵਰਗੀਆਂ ਛੋਟੀਆਂ ਪਰ ਬਿਹਤਰੀਨ ਲਘੂ ਫਿਲਮਾਂ ਅਤੇ ਕੁਝ ਸੰਗੀਤਕ ਵੀਡੀਓਜ਼ ਦਾ ਉਹ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜੋ ਅਪਣੀ ਉਕਤ ਡਾਇਰੈਕਟੋਰੀਅਲ ਫੀਚਰ ਫਿਲਮ ਦੁਆਰਾ ਪਾਲੀਵੁੱਡ ਸਫਾਂ ਵਿੱਚ ਇੱਕ ਹੋਰ ਉੱਚੀ ਪਰਵਾਜ਼ ਭਰਨਗੇ।
ਓਧਰ ਜੇਕਰ ਅੰਤਰ-ਰਾਸ਼ਟਰੀ ਪੱਧਰ ਉੱਪਰ ਛਾਅ ਰਹੀ ਉਕਤ ਅਰਥ-ਭਰਪੂਰ ਫਿਲਮ ਨਾਲ ਸੰਬੰਧਤ ਕੁਝ ਖਾਸ ਤੱਥਾਂ ਦੀ ਗੱਲ ਕਰੀਏ ਤਾਂ ਬਟਵਾਰੇ ਦੀ ਤ੍ਰਾਸਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੁਆਰਾ ਬਿਆਨ ਕਰਦੀ ਹੈ ਇਹ ਭਾਵਨਾਤਮਕ ਫਿਲਮ, ਜਿਸ ਦੇ ਕਲਾਕਾਰਾਂ ਵਿੱਚ ਮਹਾਂਬੀਰ ਭੁੱਲਰ, ਮਲਕੀਤ ਰੌਣੀ, ਜਸਬੀਰ ਗਿੱਲ, ਰਾਜ ਧਾਲੀਵਾਲ, ਪਰਵੀਨ ਬਾਨੀ, ਨਿਰਮਲ ਰਿਸ਼ੀ, ਜਤਿੰਦਰ ਕੌਰ, ਗੁਰਿੰਦਰ ਮਕਨਾ, ਲੱਖਾ ਲਹਿਰੀ, ਸੰਨੀ ਗਿੱਲ, ਸੰਨੀ ਸੇਖੋਂ ਆਦਿ ਸ਼ੁਮਾਰ ਹਨ।
ਟੋਰਾਂਟੋ ਫਿਲਮ ਐਵਾਰਡਸ 2026′ ਵਰਗ ਏਸ਼ੀਆਈ ਫੀਚਰ ਫਿਲਮ ਜੈਪੁਰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਸਰਾਹੀ ਜਾ ਚੁੱਕੀ ਉਕਤ ਫਿਲਮ 11 ਦਸੰਬਰ ਨੂੰ ਵਰਲਡ-ਵਾਈਡ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।