SA vs BAN 1st Test: ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਇਸ ਸਮੇਂ ਜੋਹਾਨਸਬਰਗ ਵਿੱਚ ਚੱਲ ਰਿਹਾ ਹੈ। ਆਪਣੀ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾਉਣ ਦੇ ਬਾਵਜੂਦ ਮਹਿਮਾਨ ਟੀਮ ਹੁਣ ਹਾਰ ਦੇ ਕੰਢੇ ‘ਤੇ ਖੜ੍ਹੀ ਹੈ। ਚੌਥੇ ਦਿਨ ਆਪਣੀ ਦੂਜੀ ਪਾਰੀ ਵਿੱਚ ਉਨ੍ਹਾਂ ਨੇ ਸਿਰਫ਼ 100 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਉਹ ਅਜੇ ਵੀ ਮੇਜ਼ਬਾਨ ਟੀਮ ਤੋਂ 57 ਦੌੜਾਂ ਪਿੱਛੇ ਹਨ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 557 ਦੌੜਾਂ ਬਣਾਈਆਂ ਸਨ।
ਪਹਿਲੇ ਵਿਕਟਕੀਪਰ ਬਣੇ ਦਾਸ
ਇਸ ਦੇ ਬਾਵਜੂਦ ਬੰਗਲਾਦੇਸ਼ ਦੇ ਵਿਕਟਕੀਪਰ ਲਿਟਨ ਦਾਸ ਨੇ ਇਸ ਮੈਚ ਵਿੱਚ ਵਿਕਟਾਂ ਦੇ ਪਿੱਛੇ 8 ਖਿਡਾਰੀਆਂ ਨੂੰ ਆਊਟ ਕਰਕੇ ਇੱਕ ਅਹਿਮ ਮੁਕਾਮ ਹਾਸਲ ਕੀਤਾ ਹੈ। ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਪਾਰੀ ਦੌਰਾਨ ਸਭ ਤੋਂ ਵੱਧ ਖਿਡਾਰੀਆਂ ਨੂੰ ਆਊਟ ਕਰਨ (ਕੈਚ ਜਾਂ ਸਟੰਪਿੰਗ ਰਾਹੀਂ) ਵਾਲੇ ਪਹਿਲੇ ਵਿਕਟਕੀਪਰ ਬਣ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਖਿਡਾਰੀ ਵਸੀਮ ਬਾਰੀ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ।
‘ਦਾਸ’ ਨੇ ਤੋੜਿਆ ‘ਬਾਰੀ’ ਦਾ ਰਿਕਾਰਡ
ਦੱਖਣੀ ਅਫਰੀਕਾ ਵਿਰੁੱਧ ਮੈਚ ਦੀ ਪਹਿਲੀ ਪਾਰੀ ਵਿੱਚ ਲਿਟਨ ਦਾਸ ਨੇ ਵਿਰੋਧੀ ਟੀਮ ਦੇ 8 ਖਿਡਾਰੀਆਂ ਨੂੰ ਆਊਟ ਕਰਨ ਵਿੱਚ ਯੋਗਦਾਨ ਪਾਇਆ, ਜਿਸ ਵਿੱਚ ਉਸਨੇ 6 ਕੈਚ ਫੜੇ ਅਤੇ 2 ਖਿਡਾਰੀਆਂ ਨੂੰ ਸਟੰਪ ਆਊਟ ਕੀਤਾ। ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਦੇ 149 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲਾ ਵਿਕਟਕੀਪਰ ਬਣ ਗਿਆ ਹੈ ਜਿਸਨੇ ਇੱਕ ਪਾਰੀ ਵਿੱਚ 8 ਖਿਡਾਰੀਆਂ ਨੂੰ ਆਊਟ ਕਰਨ ਵਿੱਚ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਵਸੀਮ ਬਾਰੀ ਦੇ ਨਾਮ ਸੀ, ਜਿਨ੍ਹਾਂ ਨੇ 1979 ਵਿੱਚ ਨਿਊਜ਼ੀਲੈਂਡ ਵਿਰੁੱਧ 7 ਕੈਚ ਫੜੇ ਸਨ। ਉਨ੍ਹਾਂ ਤੋਂ ਬਾਅਦ ਬੌਬ ਟੇਲਰ (ਇੰਗਲੈਂਡ), ਇਆਨ ਸਮਿਥ (ਨਿਊਜ਼ੀਲੈਂਡ), ਰਿਡਲੀ ਜੈਕਬਸ (ਵੈਸਟਇੰਡੀਜ਼) ਅਤੇ ਜੋਸ਼ੂਆ ਡਾ ਸਿਲਵਾ (ਵੈਸਟਇੰਡੀਜ਼) ਨੇ ਵੀ ਇੱਕ ਪਾਰੀ ਵਿੱਚ 7 ਕੈਚ ਫੜੇ ਸਨ।
154 ਖਿਡਾਰੀਆਂ ਨੂੰ ਆਊਟ ਕਰਨ ਦਾ ਰਿਕਾਰਡ
ਲਿਟਨ ਨੇ ਇਹ ਰਿਕਾਰਡ ਆਪਣੇ 60ਵੇਂ ਟੈਸਟ ਮੈਚ ਵਿੱਚ ਬਣਾਇਆ। ਇਸ ਦੇ ਨਾਲ ਹੀ ਇੱਕ ਵਿਕਟਕੀਪਰ ਵਜੋਂ ਉਸ ਨੇ ਹੁਣ ਤੱਕ 49 ਟੈਸਟ ਮੈਚਾਂ ਵਿੱਚ ਵਿਕਟਾਂ ਦੇ ਪਿੱਛੇ ਕੁੱਲ 154 ਖਿਡਾਰੀਆਂ ਨੂੰ ਆਊਟ ਕਰਨ ਦਾ ਰਿਕਾਰਡ ਦਰਜ ਕੀਤਾ ਹੈ।
ਤੀਜਾ ਬੰਗਲਾਦੇਸ਼ੀ ਖਿਡਾਰੀ ਬਣਿਆ
ਇਸੇ ਮੈਚ ਵਿੱਚ ਲਿਟਨ ਦਾਸ ਨੇ 120 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਵੀ ਖੇਡੀ, ਜਿਸ ਨੇ ਬੰਗਲਾਦੇਸ਼ ਨੂੰ 400 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਣ ਵਿੱਚ ਮਦਦ ਕੀਤੀ। ਮੈਚ ਦੇ ਦੂਜੇ ਦਿਨ ਆਪਣਾ ਸੈਂਕੜਾ ਪੂਰਾ ਕਰਕੇ ਉਹ ਦੱਖਣੀ ਅਫਰੀਕਾ ਦੀ ਧਰਤੀ ‘ਤੇ ਸੈਂਕੜਾ ਲਗਾਉਣ ਵਾਲਾ ਤੀਜਾ ਬੰਗਲਾਦੇਸ਼ੀ ਖਿਡਾਰੀ ਬਣ ਗਿਆ ਹੈ।
ਲਿੰਡਸੇ ਤੇ ਡੀਵਿਲੀਅਰਜ਼ ਦੇ ਟੁੱਟੇ ਰਿਕਾਰਡ
ਇਸਦੇ ਨਾਲ ਲਿਟਨ ਦਾਸ ਨੇ ਟੈਸਟ ਮੈਚ ਦੀ ਇੱਕ ਹੀ ਪਾਰੀ ਵਿੱਚ ਸੈਂਕੜਾ ਅਤੇ ਵਿਕਟ ਦੇ ਪਿੱਛੇ 8 ਵਿਕਟ ਲੈਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਹਨਾਂ ਦੱਖਣੀ ਅਫਰੀਕਾ ਦੇ ਡੇਨਿਸ ਲਿੰਡਸੇ (1966) ਅਤੇ ਏਬੀ ਡੀਵਿਲੀਅਰਜ਼ (2013) ਦੇ ਰਿਕਾਰਡ ਨੂੰ ਤੋੜ ਦਿੱਤਾ ਹੈ, ਜਿੰਨਾਂ ਨੇ ਜੋਹਾਨਸਬਰਗ ਦੇ ਮੈਦਾਨ ‘ਤੇ ਸੈਂਕੜਾ ਬਣਾਉਂਦੇ ਹੋਏ 6 ਬੱਲੇਬਾਜ਼ਾਂ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰ ਦਿੱਤਾ ਸੀ।
ਬੰਗਲਾਦੇਸ਼-ਦੱਖਣੀ ਅਫਰੀਕਾ ਪਹਿਲਾ ਟੈਸਟ
ਮੈਚ ਦੀ ਗੱਲ ਕਰੀਏ ਤਾਂ ਇਸ ਟੈਸਟ ਦੇ ਚਾਰ ਦਿਨ ਖ਼ਤਮ ਹੋ ਚੁੱਕੇ ਹਨ। ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ਵਿੱਚ 5 ਵਿਕਟ ‘ਤੇ 100 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਵੀ ਸਾਊਥ ਅਫਰੀਕਾ ਤੋਂ 57 ਦੌੜਾਂ ਪਿੱਛੇ ਹਨ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 557 ਦੌੜਾਂ ਬਣਾਈਆਂ ਸਨ। ਰਿਆਨ ਰਿਕੇਲਟਨ ਨੇ 102 ਦੌੜਾਂ ਅਤੇ ਕਾਗਿਸੋ ਰਬਾਦਾ ਨੇ 72 ਦੌੜਾਂ ਬਣਾਈਆਂ। ਉਨ੍ਹਾਂ ਨੇ ਅੱਠਵੀਂ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਦਕਿ ਕਪਤਾਨ ਟੈਂਬਾ ਬਾਵੁਮਾ 68 ਦੌੜਾਂ ਬਣਾ ਕੇ ਅਜੇਤੂ ਰਹੇ। ਆਪਣੀ ਪਹਿਲੀ ਪਾਰੀ ਦੇ ਆਧਾਰ ‘ਤੇ, ਦੱਖਣੀ ਅਫਰੀਕਾ ਨੇ 157 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਦੂਜੇ ਪਾਸੇ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾਈਆਂ ਸਨ, ਜਿਸ ਵਿੱਚ ਤਨਜ਼ਿਦ ਨੇ 67, ਤੌਹੀਦ ਨੇ 137 ਅਤੇ ਲਿਟਨ ਨੇ 120 ਦੌੜਾਂ ਦਾ ਯੋਗਦਾਨ ਪਾਇਆ।
ਟੈਸਟ ਮੈਚ ਦੀ ਇੱਕ ਪਾਰੀ ‘ਚ ਸਭ ਤੋਂ ਵੱਧ ਖਿਡਾਰੀਆਂ ਨੂੰ ਆਊਟ ਕਰਨ ਵਾਲਾ ਵਿਕਟਕੀਪਰ:
- 8 ਆਊਟ: ਲਿਟਨ ਦਾਸ (ਬੰਗਲਾਦੇਸ਼) ਬਨਾਮ ਦੱਖਣੀ ਅਫਰੀਕਾ, 6 ਕੈਚ, 2 ਸਟੰਪਿੰਗ, 2026
- 7 ਆਊਟ: ਵਸੀਮ ਬਾਰੀ (ਪਾਕਿਸਤਾਨ) ਬਨਾਮ ਨਿਊਜ਼ੀਲੈਂਡ, 7 ਕੈਚ, 1979
- 7 ਆਊਟ: ਬੌਬ ਟੇਲਰ (ਇੰਗਲੈਂਡ) ਬਨਾਮ ਭਾਰਤ, 7 ਕੈਚ, 1980
- 7 ਆਊਟ: ਇਆਨ ਸਮਿਥ (ਨਿਊਜ਼ੀਲੈਂਡ) ਬਨਾਮ ਸ਼੍ਰੀਲੰਕਾ, 7 ਕੈਚ, 1991
- 7 ਆਊਟ: ਰਿਡਲੇ ਜੈਕਬ (ਵੈਸਟਇੰਡੀਜ਼) ਬਨਾਮ ਆਸਟ੍ਰੇਲੀਆ, 7 ਕੈਚ, 2000
- 7 ਆਊਟ: ਜੋਸ਼ੁਵਾ ਡਾ ਸਿਲਵਾ (ਵੈਸਟਇੰਡੀਜ਼) ਬਨਾਮ ਦੱਖਣੀ ਅਫਰੀਕਾ, 7 ਕੈਚ, 2023