
ਲਾਗੋਸ (ਨਾਈਜੀਰੀਆ): ਐਤਵਾਰ ਨੂੰ ਭਾਰਤੀ ਟੈਨਿਸ ਦੀ ਦੁਨੀਆ ਵਿੱਚ ‘ਮਾਇਆ ਰਾਜੇਸ਼ਵਰਨ ਰੇਵਤੀ’ ਨਾਂ ਦੀ ਇੱਕ ਨਵੀਂ ਖਿਡਾਰਨ ਉਭਰੀ। ਉਸ ਨੇ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਪੇਸ਼ੇਵਰ ਸਿੰਗਲਜ਼ ਖਿਤਾਬ (W35 ਲਾਗੋਸ) ਜਿੱਤ ਕੇ ਆਪਣੀ ਅਥਾਹ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਤੋਂ ਪਹਿਲਾਂ ਤਾਮਿਲਨਾਡੂ ਦੀ ਰਹਿਣ ਵਾਲੀ ਇਸ ਖਿਡਾਰਨ ਦੀ ਵਿਸ਼ਵ ਰੈਂਕਿੰਗ 1038ਵੀਂ ਸੀ। ਹਾਲਾਂਕਿ ਉਸ ਨੇ ਕੁਆਲੀਫਾਇਰ ਰਾਹੀਂ ਮੁੱਖ ਡਰਾਅ ਵਿੱਚ ਥਾਂ ਬਣਾਈ। ਪਹਿਲੇ ਦੌਰ ਵਿੱਚ ਚੋਟੀ ਦੀ ਦਰਜਾ ਪ੍ਰਾਪਤ ਜਸਟੀਨਾ ਮਿਕੁਲਸਕਾਈਟ ਨੂੰ ਹਰਾਇਆ ਅਤੇ ਬਾਅਦ ਵਿੱਚ ਉੱਚ ਰੈਂਕਿੰਗ ਵਾਲੀਆਂ ਵਿਰੋਧੀ ਖਿਡਾਰਨਾਂ ਨੂੰ ਮਾਤ ਦੇ ਕੇ ਖਿਤਾਬ ਆਪਣੇ ਨਾਂ ਕੀਤਾ।
ਮਾਇਆ ਰਾਜੇਸ਼ਵਰਨ ਨੇ ਫਾਈਨਲ ਵਿੱਚ ਸਪੇਨ ਦੀ ਸੇਲੀਆ ਸਰਵਿਨੋ ਰੁਇਜ਼ ਨੂੰ 6-4, 6-2 ਨਾਲ ਹਰਾ ਕੇ ਆਪਣਾ ਪਹਿਲਾ ‘ਪ੍ਰੋ ਸਰਕਟ’ ਖਿਤਾਬ ਜਿੱਤਿਆ ਅਤੇ ਆਪਣੇ ਸ਼ਾਨਦਾਰ ਸਫ਼ਰ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ। ਇਸ ਤੋਂ ਇਲਾਵਾ, ਇਸ ਭਾਰਤੀ ਟੈਨਿਸ ਖਿਡਾਰਨ ਨੇ ਯੂਕਰੇਨ ਦੀ ਕੋਟਲੀਆਰ ਨਾਲ ਮਿਲ ਕੇ ਚੀਨ ਦੀ ਮਿਨ ਲਿਊ ਅਤੇ ਇਟਲੀ ਦੀ ਕਾਰਲੋਟਾ ਮੋਸੀਆ ਨੂੰ 0-6, 6-2, 10-7 ਨਾਲ ਹਰਾ ਕੇ ਡਬਲਜ਼ ਖਿਤਾਬ ਵੀ ਆਪਣੇ ਨਾਂ ਕੀਤਾ।
ਮਾਇਆ ਨੇ ਸਾਨੀਆ ਮਿਰਜ਼ਾ ਦਾ ਤੋੜਿਆ ਰਿਕਾਰਡ
ਮਾਇਆ ਲਈ ਸਭ ਤੋਂ ਅਹਿਮ ਪ੍ਰਾਪਤੀ ਦੇਸ਼ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ 22 ਸਾਲ ਪੁਰਾਣੇ ਰਿਕਾਰਡ ਨੂੰ ਤੋੜਨਾ ਸੀ। ਉਹ W35-ਪੱਧਰ ਦਾ ਸਿੰਗਲਜ਼ ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਮਹਿਲਾ ਬਣ ਗਈ—ਇਹ ਰਿਕਾਰਡ ਪਹਿਲਾਂ ਮਿਰਜ਼ਾ ਦੇ ਨਾਂ ਸੀ। ਜਿੱਥੇ ਮਿਰਜ਼ਾ ਨੇ ਇਹ ਉਪਲਬਧੀ 2004 ਵਿੱਚ ਲਾਗੋਸ, ਨਾਈਜੀਰੀਆ ਵਿੱਚ ਹਾਸਲ ਕੀਤੀ ਸੀ, ਉੱਥੇ ਮਾਇਆ ਨੇ 11 ਅਕਤੂਬਰ 2026 ਨੂੰ ਪੁਰਤਗਾਲ ਵਿੱਚ ਇਹ ਕਾਰਨਾਮਾ ਕਰ ਦਿਖਾਇਆ। ਦੋਵੇਂ ਖਿਡਾਰਨਾਂ 17 ਸਾਲ ਦੀਆਂ ਸਨ, ਹਾਲਾਂਕਿ ਉਨ੍ਹਾਂ ਦੀ ਉਮਰ ਵਿੱਚ ਕੁਝ ਮਹੀਨਿਆਂ ਦਾ ਅੰਤਰ ਸੀ; ਮਾਇਆ ਨੇ ਇਹ ਮੁਕਾਮ 17 ਸਾਲ ਅਤੇ ਤਿੰਨ ਮਹੀਨਿਆਂ ਦੀ ਉਮਰ ਵਿੱਚ ਹਾਸਲ ਕੀਤਾ, ਜਦੋਂ ਕਿ ਭਾਰਤੀ ਟੈਨਿਸ ਸਟਾਰ ਨੇ ਇਹ ਉਪਲਬਧੀ 17 ਸਾਲ ਅਤੇ 10 ਮਹੀਨਿਆਂ ਦੀ ਉਮਰ ਵਿੱਚ ਪ੍ਰਾਪਤ ਕੀਤੀ ਸੀ।
‘ਸਾਨੀਆ ਮਿਰਜ਼ਾ ਇੱਕ ਦਿੱਗਜ ਖਿਡਾਰਨ ਅਤੇ ਮੇਰੀ ਆਦਰਸ਼’-ਮਾਇਆ ਰਾਜੇਸ਼ਵਰਨ
ਮਾਇਆ ਰਾਜੇਸ਼ਵਰਨ ਰੇਵਤੀ ਦਾ ਮੰਨਣਾ ਹੈ ਕਿ ਉਸਦਾ ਪਹਿਲਾ ਪੇਸ਼ੇਵਰ ਸਿੰਗਲਜ਼ ਖਿਤਾਬ ਸੀਨੀਅਰ ਸਰਕਟ ‘ਤੇ ਉਸਦੇ ਸਫ਼ਰ ਦੀ ਸਿਰਫ਼ ਸ਼ੁਰੂਆਤ ਹੈ। ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਸਾਬਕਾ ਵਿਸ਼ਵ ਨੰਬਰ-1 ਡਬਲਜ਼ ਖਿਡਾਰਨ ਸਾਨੀਆ ਮਿਰਜ਼ਾ ਜਿਸਨੂੰ ਉਹ ਆਪਣਾ ਆਦਰਸ਼ ਮੰਨਦੀ ਹੈ ਤੋਂ ਅੱਗੇ ਨਿਕਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਇਆ ਨੇ ਉਸ ਵਿਸ਼ਾਲ ਵਿਰਾਸਤ ‘ਤੇ ਜ਼ੋਰ ਦਿੱਤਾ ਜੋ ਸਾਨੀਆ ਮਿਰਜ਼ਾ ਨੇ ਅਗਲੀ ਪੀੜ੍ਹੀ ਲਈ ਛੱਡੀ ਹੈ। ਮੀਡੀਆ ਨਾਲ ਇੱਕ ਵਰਚੁਅਲ ਗੱਲਬਾਤ ਦੌਰਾਨ IANS ਨਾਲ ਗੱਲ ਕਰਦਿਆਂ ਮਾਇਆ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਤੁਸੀਂ ਅਸਲ ਵਿੱਚ ਉਸ ਤੋਂ ਅੱਗੇ ਨਿਕਲ ਸਕਦੇ ਹੋ, ਕਿਉਂਕਿ ਉਹ ਇੱਕ ਦਿੱਗਜ ਖਿਡਾਰਨ ਹੈ ਅਤੇ ਹਮੇਸ਼ਾ ਇੱਕ ਦਿੱਗਜ ਹੀ ਰਹੇਗੀ।”
W35, ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ (ITF) ਦੇ ‘ਵੂਮੈਨਜ਼ ਵਰਲਡ ਟੈਨਿਸ ਟੂਰ’ ਅਧੀਨ ਕਰਵਾਇਆ ਜਾਣ ਵਾਲਾ ਔਰਤਾਂ ਦਾ ਇੱਕ ਪੇਸ਼ੇਵਰ ਟੈਨਿਸ ਟੂਰਨਾਮੈਂਟ ਹੈ। ਇਸ ਵਿੱਚ 35,000 ਅਮਰੀਕੀ ਡਾਲਰ (ਲਗਭਗ 33.47 ਲੱਖ ਰੁਪਏ) ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। W35 ਟੂਰਨਾਮੈਂਟਾਂ ਦੇ ਨਤੀਜੇ ਸਿੱਧੇ ਤੌਰ ‘ਤੇ ਅਧਿਕਾਰਤ WTA ਰੈਂਕਿੰਗ ਵਿੱਚ ਗਿਣੇ ਜਾਂਦੇ ਹਨ, ਜਿਸ ਨਾਲ ਉੱਭਰਦੇ ਖਿਡਾਰੀਆਂ ਨੂੰ ਆਪਣੀ ਸਥਿਤੀ ਬਿਹਤਰ ਬਣਾਉਣ ਅਤੇ ਉੱਚ-ਪੱਧਰੀ WTA ਟੂਰ ਮੁਕਾਬਲਿਆਂ ਵਿੱਚ ਜਗ੍ਹਾ ਬਣਾਉਣ ਵਿੱਚ ਮਦਦ ਮਿਲਦੀ ਹੈ।
ਮਾਇਆ ਰਾਜੇਸ਼ਵਰਨ ਰੇਵਤੀ ਕੌਣ ਹੈ?
ਮਾਇਆ ਰਾਜੇਸ਼ਵਰਨ ਰੇਵਤੀ ਇੱਕ ਭਾਰਤੀ ਪੇਸ਼ੇਵਰ ਟੈਨਿਸ ਖਿਡਾਰਨ ਹੈ। ਉਸਦਾ ਜਨਮ 2009 ਵਿੱਚ ਕੋਇੰਬਟੂਰ, ਤਾਮਿਲਨਾਡੂ ਵਿੱਚ ਹੋਇਆ ਸੀ। ਉਹ ਲਗਭਗ ਅੱਠ ਸਾਲਾਂ ਤੋਂ ਇਹ ਖੇਡ ਰਹੀ ਹੈ, ਪਰ ਉਸਨੇ ਦਸ ਸਾਲ ਦੀ ਉਮਰ ਵਿੱਚ ਟੈਨਿਸ ਨੂੰ ਗੰਭੀਰਤਾ ਨਾਲ ਅਪਣਾਉਣ ਦਾ ਫੈਸਲਾ ਕੀਤਾ। ਉਸਦੇ ਪਰਿਵਾਰ ਨੇ ਉਸਦੀ ਇਸ ਇੱਛਾ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਉਸਨੇ ਸ਼ੁਰੂਆਤ ਵਿੱਚ ਭਾਰਤ ਦੀ ‘ਪ੍ਰੋ ਸਰਵ ਟੈਨਿਸ ਅਕੈਡਮੀ’ ਵਿੱਚ ਸਿਖਲਾਈ ਲਈ ਅਤੇ ਕਈ ITF ਜੂਨੀਅਰ ਖਿਤਾਬ ਜਿੱਤੇ। ਬਾਅਦ ਵਿੱਚ ਉਸ ਨੇ 2025 ਮੁੰਬਈ ਓਪਨ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸਨੇ ਸਪੇਨ ਦੇ ਮੈਲੋਰਕਾ ਸਥਿਤ ‘ਰਾਫੇਲ ਨਡਾਲ ਅਕੈਡਮੀ’ ਵਿੱਚ ਸਿਖਲਾਈ ਲਈ ਅਤੇ ਵਰਤਮਾਨ ਵਿੱਚ ਉਹ ਦੱਖਣੀ ਫਰਾਂਸ ਦੇ ‘ਏਲੀਟ ਟੈਨਿਸ ਸੈਂਟਰ’ (ETC) ਵਿੱਚ ਸਿਖਲਾਈ ਲੈ ਰਹੀ ਹੈ।
ਰਾਫੇਲ ਨਡਾਲ ਨਾਲ ਟ੍ਰੇਨਿੰਗ
ਮਾਇਆ ਨੇ ਸਪੇਨ ਦੇ ਮਹਾਨ ਖਿਡਾਰੀ ਰਾਫੇਲ ਨਡਾਲ ਦੀ ਅਕੈਡਮੀ ਨਾਲ ਜੁੜੇ ਹੋਣ ਬਾਰੇ ਵੀ ਗੱਲ ਕੀਤੀ। ਹਾਲਾਂਕਿ, ਉਸਨੇ ਕੁਝ ਮਹੀਨੇ ਪਹਿਲਾਂ ਹੀ ਅਕੈਡਮੀ ਛੱਡ ਦਿੱਤੀ ਸੀ ਕਿਉਂਕਿ ਉਸਨੂੰ ਲੱਗਿਆ ਕਿ ਉਸਦੇ ਵਿਕਾਸ ਲਈ ‘ਈ.ਟੀ.ਸੀ.’ (ETC) ਸਭ ਤੋਂ ਵਧੀਆ ਵਿਕਲਪ ਸੀ। ਜਦੋਂ ਉਸਨੂੰ ਨਡਾਲ ਨਾਲ ਸਿਖਲਾਈ ਲੈਣ ਦੇ ਆਪਣੇ ਤਜ਼ਰਬੇ ਬਾਰੇ ਪੁੱਛਿਆ ਗਿਆ, ਤਾਂ ਉਸਨੇ 22 ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਨੂੰ ਇੱਕ ਪ੍ਰੇਰਨਾਦਾਇਕ ਸ਼ਖਸੀਅਤ ਦੱਸਿਆ, ਜਿਨ੍ਹਾਂ ਦਾ ਤਜ਼ਰਬਾ ਵੱਡੇ ਟੂਰਨਾਮੈਂਟਾਂ ਦੀ ਤਿਆਰੀ ਕਰ ਰਹੇ ਨੌਜਵਾਨ ਖਿਡਾਰੀਆਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਉਸਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਿਰਫ਼ ਉਨ੍ਹਾਂ ਦੇ ਆਲੇ-ਦੁਆਲੇ ਰਹਿਣਾ ਹੀ ਬਹੁਤ ਪ੍ਰੇਰਨਾਦਾਇਕ ਹੈ।”