Wednesday, September 2Malwa News
Shadow

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ 12,467 ਮਰੀਜ਼ਾਂ ਦੇ ਇਲਾਜ ’ਤੇ 51.58 ਕਰੋੜ ਰੁਪਏ ਦਾ ਖ਼ਰਚ

ਚੰਡੀਗੜ੍ਹ, 1 ਸਤੰਬਰ : ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ ਵਿੱਚ ਬਦਲਣ ’ਤੇ ਕੁਝ ਹੀ ਘੰਟਿਆਂ ਵਿੱਚ ਜਾਨਲੇਵਾ ਹੋ ਸਕਦਾ ਹੈ।

ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮਐੱਮਐੱਸਵਾਈ) ਤਹਿਤ 1 ਸਤੰਬਰ ਤੱਕ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ 12467 ਇਲਾਜ ਦਰਜ ਕੀਤੇ ਗਏ ਹਨ, ਜਿਨ੍ਹਾਂ ’ਤੇ 51.58 ਕਰੋੜ ਰੁਪਏ ਖ਼ਰਚ ਹੋਏ । ਇਹ ਅੰਕੜਾ ਇਸ ਜਾਨਲੇਵਾ ਸਥਿਤੀ ਨਾਲ ਜੁੜੇ ਡਾਕਟਰੀ ਅਤੇ ਵਿੱਤੀ ਬੋਝ ਨੂੰ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ।

ਇਨ੍ਹਾਂ ਵਿੱਚੋਂ ਗੰਭੀਰ ਸੈਪਸਿਸ ਦੇ 10,961 ਇਲਾਜਾਂ ’ਤੇ 44.33 ਕਰੋੜ ਰੁਪਏ, ਜਦਕਿ ਸੈਪਟਿਕ ਸ਼ਾਕ ਦੇ 1,506 ਇਲਾਜਾਂ ’ਤੇ 7.25 ਕਰੋੜ ਖ਼ਰਚ ਹੋਏ। ਅਮਰੀਕਾ ਦੇ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਅਨੁਸਾਰ, ਸੈਪਸਿਸ , ਅਜਿਹੀ ਸਥਿਤੀ ਜਿਸ ਦੌਰਾਨ ਸਰੀਰ ਇਨਫੈਕਸ਼ਨ ਪ੍ਰਤੀ ਬਹੁਤ ਤੇਜ਼ੀ ਨਾਲ  ਪ੍ਰਤੀਕਿਰਿਆ ਕਰਦਾ ਹੈ, ਜਿਸ ਕਾਰਨ ਟਿਸ਼ੂਜ਼ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਅੰਗਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ। ਲਗਭਗ ਕਿਸੇ ਵੀ ਕਿਸਮ ਦਾ ਇਨਫੈਕਸ਼ਨ ਸੈਪਸਿਸ ਦਾ ਕਾਰਨ ਬਣ ਸਕਦਾ ਹੈ। ਫੇਫੜਿਆਂ, ਯੂਰਿਨਰੀ ਟ੍ਰੈਕਟ, ਚਮੜੀ ਅਤੇ ਗੈਸਟਰੋਇੰਟੈਸਟਾਈਨਲ ਟ੍ਰੈਕਟ ਦੇ ਇਨਫੈਕਸ਼ਨ ਇਸਦੇ ਆਮ ਸਰੋਤਾਂ ਵਿੱਚ ਸ਼ਾਮਲ ਹਨ।

ਸੈਪਸਿਸ ਸਿਰਫ਼ ਇੱਕ ਇਨਫੈਕਸ਼ਨ ਨਹੀਂ ਹੈ। ਜਦੋਂ ਇਨਫੈਕਸ਼ਨ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਬੇਕਾਬੂ ਹੋ ਜਾਂਦੀ ਹੈ ਤਾਂ ਅੰਗਾਂ ਦੇ ਕੰਮਕਾਜ ਵਿੱਚ ਗੜਬੜੀ ਸ਼ੁਰੂ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿੱਚ ਬਲੱਡ ਪ੍ਰੈਸ਼ਰ ਘਟਣ ਅਤੇ ਖ਼ੂਨ ਦਾ ਵਹਾਅ ਲੋੜੀਂਦੀ ਮਾਤਰਾ ਵਿੱਚ ਨਾ ਰਹਿਣ ਕਾਰਨ ਸੈਪਟਿਕ ਸ਼ਾਕ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਮੇਂ ਸਿਰ ਪਛਾਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ, “ਸੈਪਸਿਸ ਹੌਲੀ-ਹੌਲੀ ਹੋਰ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਜਦੋਂ ਇਸ ਕਾਰਨ ਖ਼ੂਨ ਦੇ ਸੰਚਾਰ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਕਈ ਅਹਿਮ ਅੰਗਾਂ ਤੱਕ ਲੋੜੀਂਦਾ ਖ਼ੂਨ ਨਹੀਂ ਪਹੁੰਚਦਾ ਤਾਂ ਮਰੀਜ਼ ਸੈਪਟਿਕ ਸ਼ਾਕ ਦੀ ਸਥਿਤੀ ਵਿੱਚ ਪਹੁੰਚ ਸਕਦਾ ਹੈ।”

ਸੈਪਟਿਕ ਸ਼ਾਕ ਤੋਂ ਪੀੜਤ ਮਰੀਜ਼ਾਂ ਨੂੰ ਗੰਭੀਰ ਮੈਡੀਕਲ ਦੇਖਭਾਲ, ਇੰਟਰਾਵੀਨਸ ਫਲੂਇਡਜ਼, ਐਂਟੀਬਾਇਓਟਿਕ, ਬਲੱਡ ਪ੍ਰੈਸ਼ਰ ਬਣਾਈ ਰੱਖਣ ਲਈ ਦਵਾਈਆਂ, ਆਕਸੀਜਨ ਜਾਂ ਮਕੈਨੀਕਲ ਵੈਂਟੀਲੇਸ਼ਨ ਅਤੇ ਕੁਝ ਮਾਮਲਿਆਂ ਵਿੱਚ ਕੰਮ ਕਰਨਾ ਬੰਦ ਕਰ ਚੁੱਕੇ ਅੰਗਾਂ ਲਈ ਸਹਾਇਕ ਇਲਾਜ ਦੀ ਲੋੜ ਪੈ ਸਕਦੀ ਹੈ। ਅਜਿਹੇ ਇਲਾਜ ਦਾ ਖ਼ਰਚ ਤੇਜ਼ੀ ਨਾਲ ਵਧ ਸਕਦਾ ਹੈ, ਜਿਸ ਕਾਰਨ ਪਰਿਵਾਰਾਂ ਲਈ ਵਿੱਤੀ ਸੁਰੱਖਿਆ ਖ਼ਾਸ ਤੌਰ ’ਤੇ ਮਹੱਤਵਪੂਰਨ ਬਣ ਜਾਂਦੀ ਹੈ।

ਮੁੱਖ ਮੰਤਰੀ ਸਿਹਤ ਯੋਜਨਾ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ  ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਕਵਰ ਪ੍ਰਦਾਨ ਕਰਦੀ ਹੈ, ਜਿਸ ਨਾਲ ਗੰਭੀਰ ਇਲਾਜ ਦੌਰਾਨ ਵਿੱਤੀ ਰੁਕਾਵਟ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।

ਯੋਜਨਾ ਤਹਿਤ ਸੈਪਸਿਸ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਜਦੋਂ ਇਲਾਜ ਦੀ ਲੋੜ ਤੇਜ਼ੀ ਨਾਲ ਵਧਦੀ ਹੈ ਤਾਂ ਅਜਿਹੀ ਵਿੱਤੀ ਸੁਰੱਖਿਆ ਪਰਿਵਾਰਾਂ ਲਈ ਕਿੰਨੀ ਮਹੱਤਵਪੂਰਨ ਹੋ ਸਕਦੀ ਹੈ।

ਇਹ ਖ਼ਤਰਾ ਨਵਜੰਮੇ ਬੱਚਿਆਂ ਵਿੱਚ ਖ਼ਾਸ ਤੌਰ ’ਤੇ ਬਹੁਤ ਗੰਭੀਰ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਸ਼ਸ਼ੀ ਕਾਂਤ ਧੀਰ ਨੇ ਕਿਹਾ ਕਿ ਨਵਜੰਮੇ ਬੱਚੇ ਦੇ ਵਿਹਾਰ ਵਿੱਚ ਹੋਣ ਵਾਲੇ ਮਾਮੂਲੀ ਬਦਲਾਅ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ, “ਨਵਜੰਮੇ ਬੱਚਿਆਂ ਵਿੱਚ ਵਿਹਾਰ ਵਿੱਚ ਛੋਟਾ ਜਿਹਾ ਬਦਲਾਅ ਵੀ ਇੱਕ ਵੱਡੀ ਚੇਤਾਵਨੀ ਦਾ ਸੰਕੇਤ ਹੋ ਸਕਦਾ ਹੈ।” ਉਨ੍ਹਾਂ ਦੱਸਿਆ ਕਿ ਸਮੇਂ ਤੋਂ ਪਹਿਲਾਂ ਜਨਮੇ ਅਤੇ ਜਣੇਪੇ ਦੌਰਾਨ ਘੱਟ ਵਜ਼ਨ ਵਾਲੇ ਬੱਚਿਆਂ ਦੀ ਹਾਲਤ ਕੁਝ ਹੀ ਘੰਟਿਆਂ ਵਿੱਚ ਤੇਜ਼ੀ ਨਾਲ ਵਿਗੜ ਸਕਦੀ ਹੈ।

 ਨਵਜੰਮੇ ਬੱਚੇ ਵਿੱਚ ਦੁੱਧ ਪੀਣ ਵਿੱਚ ਕਮੀ ਆਉਣਾ, ਅਸਾਧਾਰਨ ਤੌਰ ’ਤੇ ਜ਼ਿਆਦਾ ਨੀਂਦ ਆਉਣਾ, ਸਰੀਰ ਠੰਢਾ ਪੈਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਆਦਿ  ਗੰਭੀਰ ਬੀਮਾਰੀ ਦੇ ਸੰਕੇਤ ਹੋ ਸਕਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰੀ ਜਾਂਚ ਜ਼ਰੂਰੀ ਹੈ।

ਜਦੋਂ ਬੈਕਟੀਰੀਅਲ ਇਨਫੈਕਸ਼ਨ ਦਾ ਸ਼ੱਕ ਹੋਵੇ ਜਾਂ ਇਸ ਦੀ ਪੁਸ਼ਟੀ ਹੋ ਜਾਵੇ ਤਾਂ ਐਂਟੀਬਾਇਓਟਿਕ ਜ਼ਰੂਰੀ ਹੁੰਦੇ ਹਨ, ਪਰ ਇਨ੍ਹਾਂ ਦੀ ਗਲਤ ਵਰਤੋਂ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਨੂੰ ਵਧਾ ਸਕਦੀ ਹੈ। ਡਾਕਟਰੀ ਸਲਾਹ ਤੋਂ ਬਿਨਾਂ ਖੁਦ ਐਂਟੀਬਾਇਓਟਿਕ ਲੈਣਾ, ਬਚੀਆਂ ਹੋਈਆਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਨਾ ਜਾਂ ਇਲਾਜ ਨੂੰ ਵਿਚਕਾਰ ਹੀ ਬੰਦ ਕਰ ਦੇਣਾ ਇਨਫੈਕਸ਼ਨ ਦੇ ਇਲਾਜ ਨੂੰ ਹੋਰ ਪੇਚੀਦਾ ਬਣਾ ਸਕਦਾ ਹੈ।

ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਅਨੁਸਾਰ, ਉਲਝਣ ਜਾਂ ਗੰਭੀਰ ਸਥਿਤੀ, ਸਾਹ ਲੈਣ ਵਿੱਚ ਤਕਲੀਫ਼, ਬਹੁਤ ਜ਼ਿਆਦਾ ਦਰਦ ਜਾਂ ਬੇਚੈਨੀ, ਬੁਖ਼ਾਰ ਜਾਂ ਅਸਾਧਾਰਨ ਤੌਰ ’ਤੇ ਸ਼ਰੀਰ ਦਾ ਘੱਟ ਤਾਪਮਾਨ  ਹੋਣਾ, ਚਿਪਚਿਪੀ ਚਮੜੀ ਅਤੇ ਤੇਜ਼ ਧੜਕਣ ਅਜਿਹੇ ਸੰਕੇਤ ਹਨ, ਜਿਨ੍ਹਾਂ ਦੌਰਾਨ ਤੁਰੰਤ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ।

ਇਸ ਲਈ ਸੈਪਸਿਸ ਨਾਲ ਨਜਿੱਠਣ ਲਈ ਦੋ ਪਾਸਿਓਂ ਤੇਜ਼ੀ ਨਾਲ ਕਾਰਵਾਈ ਲੋੜੀਂਦੇ ਹਨ, ਜਿਸ ਵਿੱਚ ਸਮੇਂ ਸਿਰ ਡਾਕਟਰੀ ਪਛਾਣ ਅਤੇ ਇਲਾਜ ਅਤੇ ਵੱਡੇ ਸਿਹਤ ਖ਼ਰਚਿਆਂ ਤੋਂ ਵਿੱਤੀ ਸੁਰੱਖਿਆ ਸ਼ਾਮਲ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਕੜੇ ਇਸ ਸਥਿਤੀ ਦੇ ਵਿੱਤੀ ਬੋਝ ਦੇ ਪੈਮਾਨੇ ਨੂੰ ਦਰਸਾਉਂਦੇ ਹਨ, ਜਦਕਿ ਡਾਕਟਰੀ ਸੰਦੇਸ਼ ਸਪੱਸ਼ਟ ਹੈ: ਇਨਫੈਕਸ਼ਨ ਤੋਂ ਪੀੜਤ ਮਰੀਜ਼ ਦੀ ਹਾਲਤ ਅਚਾਨਕ ਵਿਗੜਨ ’ਤੇ ਇਲਾਜ ਵਿੱਚ ਦੇਰੀ ਜ਼ਿੰਦਗੀ ਲਈ ਜਾਨਲੇਵਾ ਹੋ ਸਕਦੀ ਹੈ।