Sunday, August 30Malwa News
Shadow

ਮਾਤਾ ਨੈਣਾ ਦੇਵੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਰ.ਟੀ.ਓ. ਰੂਪਨਗਰ ਵੱਲੋਂ ਕੀਤੀ ਗਈ ਵਿਸ਼ੇਸ਼ ਚੈਕਿੰਗ

ਰੂਪਨਗਰ, 14 ਜੁਲਾਈ: ਮਾਤਾ ਨੈਣਾ ਦੇਵੀ ਮੇਲੇ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਸ਼੍ਰੀ ਰਾਜਪਾਲ ਸਿੰਘ ਸੇਖੋਂ, ਪੀ.ਸੀ.ਐੱਸ., ਰਿਜਨਲ ਟਰਾਂਸਪੋਰਟ ਅਫਸਰ, (ਆਰ.ਟੀ.ਓ.), ਰੂਪਨਗਰ ਅਤੇ ਸ਼੍ਰੀ ਸਰਬਜੀਤ ਸਿੰਘ ਸੈਣੀ, ਸਹਾਇਕ ਟਰਾਂਸਪੋਰਟ ਅਫਸਰ, ਰੂਪਨਗਰ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।

ਰਿਜਨਲ ਟਰਾਂਸਪੋਰਟ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 10 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 4 ਬੱਸਾਂ ਵੱਲੋਂ ਮੋਟਰ ਵਾਹਨ ਐਕਟ ਅਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਮੌਕੇ ‘ਤੇ ਚਲਾਨ ਕੀਤੇ ਗਏ।

ਇਸ ਮੌਕੇ ਆਰ.ਟੀ.ਓ. ਰੂਪਨਗਰ ਸ਼੍ਰੀ ਰਾਜਪਾਲ ਸਿੰਘ ਸੇਖੋਂ ਨੇ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੇ ਲੋੜੀਂਦੇ ਦਸਤਾਵੇਜ਼, ਜਿਵੇਂ ਕਿ ਪਰਮਿਟ, ਫਿਟਨੈੱਸ ਸਰਟੀਫਿਕੇਟ, ਬੀਮਾ, ਟੈਕਸ ਅਤੇ ਡਰਾਈਵਰਾਂ ਦੇ ਲਾਇਸੈਂਸ ਆਦਿ ਪੂਰੇ ਅਤੇ ਵੈਧ ਹੋਣੇ ਚਾਹੀਦੇ ਹਨ। 

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਡਰਾਈਵਰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਓਵਰਲੋਡਿੰਗ, ਓਵਰਸਪੀਡਿੰਗ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਗੁਰੇਜ਼ ਕਰਨ, ਤਾਂ ਜੋ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ।

ਉਨ੍ਹਾਂ ਇਹ ਵੀ ਦੱਸਿਆ ਕਿ ਨੈਣਾ ਦੇਵੀ ਮੇਲੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਉਣ ਲਈ ਅਜਿਹੀਆਂ ਵਿਸ਼ੇਸ਼ ਚੈਕਿੰਗ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।