
ਚੰਡੀਗੜ੍ਹ, 22 ਮਈ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਜ ਨੂੰ ਇਲੈਕਟ੍ਰਿਕ ਵਾਹਨ (ਈਵੀ) ਅਤੇ ਆਟੋਮੋਬਾਈਲ ਨਿਰਮਾਣ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਉਦੇਸ਼ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਆਯੋਜਿਤ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਉਦਯੋਗਿਕ ਪ੍ਰਤੀਨਿਧੀਆਂ, ਨਿਵੇਸ਼ਕਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਵਿੱਚ ਹਰਿਆਣਾ ਦੇ ਉਦਯੋਗਿਕ ਵਿਕਾਸ, ਨਿਵੇਸ਼ ਦੀਆਂ ਸੰਭਾਵਨਾਵਾਂ ਅਤੇ ਇੱਕਜੁਟ ਈਵੀ ਤੇ ਆਟੋਮੋਟਿਵ ਨਿਰਮਾਣ ਇਕੋਸਿਸਟਮ ਵਿਕਸਿਤ ਕਰਨ ਦੀ ਰਣਨੀਤੀ ‘ਤੇ ਵਿਸ਼ੇਸ਼ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਗਲੋਬਲ ਈਵੀ ਨਿਰਮਾਤਾ ਕੰਪਨੀ ਵਿਨਫਾਸਟ ਨਾਲ ਸਬੰਧਤ ਕੇਸ ਪ੍ਰੈਜ਼ੈਂਟੇਸ਼ਨ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਹਰਿਆਣਾ ਵਿੱਚ ਸੰਭਾਵਿਤ ਨਿਵੇਸ਼ ਅਤੇ ਨਿਰਮਾਣ ਦੇ ਮੌਕਿਆਂ ਨੂੰ ਰੇਖਾਂਕਿਤ ਕੀਤਾ ਗਿਆ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਵਿਨਫਾਸਟ ਕੰਪਨੀ ਦੀ ਕਾਰ ਨੂੰ ਚਲਾ ਕੇ ਵੀ ਦੇਖਿਆ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਅੱਜ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਉਦਯੋਗਿਕ ਰਾਜਾਂ ਵਿੱਚ ਸ਼ਾਮਲ ਹੈ। ਰਾਜ ਸਰਕਾਰ ਨਿਵੇਸ਼ਕਾਂ ਨੂੰ ਉਦਯੋਗ ਸਥਾਪਿਤ ਕਰਨ ਲਈ ਪਾਰਦਰਸ਼ੀ ਨੀਤੀਆਂ, ਬਿਹਤਰ ਕਾਨੂੰਨ ਵਿਵਸਥਾ, ਕੁਸ਼ਲ ਮਨੁੱਖੀ ਸਰੋਤ, ਆਧੁਨਿਕ ਇੰਫਰਾਸਟਰਕਚਰ ਅਤੇ ਸ਼ਾਨਦਾਰ ਕਨੈਕਟੀਵਿਟੀ ਉਪਲਬਧ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ-ਐਨਸੀਆਰ ਨਾਲ ਨੇੜਤਾ, ਰਾਸ਼ਟਰੀ ਰਾਜਮਾਰਗਾਂ ਅਤੇ ਲੌਜਿਸਟਿਕਸ ਨੈੱਟਵਰਕ ਦੀ ਮਜ਼ਬੂਤ ਉਪਲਬਧਤਾ ਹਰਿਆਣਾ ਨੂੰ ਆਟੋਮੋਬਾਈਲ ਅਤੇ ਈਵੀ ਉਦਯੋਗ ਲਈ ਸਭ ਤੋਂ ਢੁਕਵਾਂ ਸਥਾਨ ਬਣਾਉਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਐਂਟਰਪ੍ਰਾਈਜ਼ ਪ੍ਰੋਮੋਸ਼ਨ ਸੈਂਟਰ ਰਾਹੀਂ ਨਿਵੇਸ਼ਕਾਂ ਨੂੰ ਸਿੰਗਲ ਵਿੰਡੋ ਸਿਸਟਮ ਤਹਿਤ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਸੇਵਾਵਾਂ ਸਮਾਂਬੱਧ ਤਰੀਕੇ ਨਾਲ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ‘ਈਜ਼ ਆਫ਼ ਡੂਇੰਗ ਬਿਜ਼ਨਸ’ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨਵੀਆਂ ਤਕਨਾਲੋਜੀਆਂ, ਹਰਿਤ ਊਰਜਾ (ਗ੍ਰੀਨ ਐਨਰਜੀ) ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਬੜਾਵਾ ਦੇਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਹਰਿਆਣਾ ਵਿੱਚ ਈਵੀ ਨਿਰਮਾਣ, ਬੈਟਰੀ ਉਤਪਾਦਨ, ਆਟੋ ਕੰਪੋਨੈਂਟਸ ਅਤੇ ਖੋਜ ਤੇ ਵਿਕਾਸ (R&D) ਨਾਲ ਜੁੜੇ ਖੇਤਰਾਂ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ।
ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਉਦਯੋਗ ਜਗਤ ਅਤੇ ਸਰਕਾਰ ਵਿਚਕਾਰ ਮਜ਼ਬੂਤ ਤਾਲਮੇਲ ਨਾਲ ਹਰਿਆਣਾ ਆਉਣ ਵਾਲੇ ਸਮੇਂ ਵਿੱਚ ਇਲੈਕਟ੍ਰਿਕ ਮੋਬਿਲਿਟੀ ਅਤੇ ਆਟੋਮੋਟਿਵ ਨਿਰਮਾਣ ਖੇਤਰ ਵਿੱਚ ਗਲੋਬਲ ਪਛਾਣ ਸਥਾਪਿਤ ਕਰੇਗਾ।
ਮੀਟਿੰਗ ਵਿੱਚ ਹਰਿਆਣਾ ਦੇ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਵਿਨਗਰੁੱਪ ਏਸ਼ੀਆ ਦੇ ਸੀਈਓ ਅਤੇ ਵਿਨਫਾਸਟ ਇੰਡੀਆ ਦੇ ਐਮਡੀ ਰਾਜਦੂਤ ਫਾਮ ਸਨ੍ਹ ਚੌ, ਰਾਜਦੂਤ ਚੌ ਦੇ ਸਹਾਇਕ ਨਗੁਯੇਨ ਫਾਮ ਵਾਨ ਹੋਆਨ, ਡਾ. ਨੀਨਾ ਮਲਹੋਤਰਾ ਆਈਐਫਐਸ ਸਕੱਤਰ ਸਾਊਥ, ਇੰਡਸਟਰੀ ਐਂਡ ਕਾਮਰਸ ਵਿਭਾਗ ਹਰਿਆਣਾ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਉਦਯੋਗ ਅਤੇ ਵਣਜ ਵਿਭਾਗ ਦੇ ਮਹਾਨਿਦੇਸ਼ਕ ਡਾ. ਯਸ਼ ਗਰਗ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਉਦਯੋਗਪਤੀ ਮੌਜੂਦ ਸਨ।