
ਚੰਡੀਗੜ੍ਹ, 22 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਵਿਚਕਾਰ ਸਾਲਾਂ ਤੋਂ ਮਜ਼ਬੂਤ ਰਣਨੀਤਕ ਅਤੇ ਆਰਥਿਕ ਸਾਝੇਦਾਰੀ ਰਹੀ ਹੈ। ਨੈਕਸਟ ਜਨਰੇਸ਼ਨ ਇੰਡਸਟਰੀਅਲ ਈਕੋਸਿਸਟਮ ਤਿਆਰ ਕਰਨ ਲਈ ਜਾਪਾਨ ਦੇ ਨਾਲ ਮਿਲ ਕੇ ਰੇਸੀਲੀਐਂਟ ਸਪਲਾਈ ਚੇਨਜ਼ ਬਣ ਸਕਦੀਆਂ ਹਨ ਜਿਸ ਨਾਲ ਸਮਾਰਟਰ, ਗ੍ਰੀਨਰ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਹੋਵੇਗਾ।
ਮੁੱਖ ਮੰਤਰੀ ਨੇ ਇਹ ਗੱਲ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੰਡੋ-ਜਾਪਾਨ ਕਾਨਕਲੇਵ ਵਿੱਚ ਆਪਣੇ ਸੰਬੋਧਨ ਦੌਰਾਨ ਕਹੀ। ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਪ੍ਰੋਗਰਾਮ ਵਿੱਚ ਮੌਜੂਦ ਰਹੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਸੰਮੇਲਨ ਵਿੱਚ ਪਹੁੰਚੇ ਜਾਪਾਨ ਦੇ ਨਿਵੇਸ਼ਕਾਂ ਨੂੰ ਹਰਿਆਣਾ ਦੇ ਨਾਲ ਪਾਰਟਨਰਸ਼ਿਪ ਕਰਨ ਦਾ ਸੱਦਾ ਦਿੱਤਾ। ਇਹ ਪਾਰਟਨਰਸ਼ਿਪ ਨਵੀਨਤਾ, ਨਿਰਮਾਣ, ਤਕਨਾਲੋਜੀ, ਸਥਿਰਤਾ ਅਤੇ ਭਵਿੱਖ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਵਿੱਚ ਜਾਪਾਨ ਦੀ ਉੱਨਤ ਤਕਨੀਕ ਅਤੇ ਸਹਿਯੋਗ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ-ਜਾਪਾਨ ਸਾਝੇਦਾਰੀ ਦਾ ਸਭ ਤੋਂ ਜੀਵੰਤ ਅਤੇ ਸਫਲ ਮਾਡਲ ਕਿਸੇ ਰਾਜ ਵਿੱਚ ਦਿਖਾਈ ਦਿੰਦਾ ਹੈ, ਤਾਂ ਉਹ ਹਰਿਆਣਾ ਹੈ, ਜਿੱਥੇ ਜਾਪਾਨੀ ਨਿਵੇਸ਼, ਉਦਯੋਗਿਕ ਵਿਕਾਸ ਅਤੇ ਤਕਨੀਕੀ ਸਹਿਯੋਗ ਨੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ।
ਭਾਰਤ ਵਿੱਚ ਜਾਪਾਨੀ ਉਦਯੋਗਿਕ ਵਿਕਾਸ ਦਾ ਪ੍ਰਮੁੱਖ ਹੱਬ ਬਣਿਆ ਹਰਿਆਣਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਨਕਲੇਵ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰਿਆਣਾ ਭਾਰਤ ਵਿੱਚ ਜਾਪਾਨੀ ਉਦਯੋਗਾਂ ਦਾ ਸਭ ਤੋਂ ਵੱਡਾ ਕੇਂਦਰ ਬਣ ਚੁੱਕਾ ਹੈ। ਪ੍ਰਦੇਸ਼ ਵਿੱਚ ਲਗਭਗ 394 ਜਾਪਾਨੀ ਉਦਯੋਗ ਅਤੇ 600 ਤੋਂ ਵੱਧ ਜਾਪਾਨੀ ਵਪਾਰਕ ਅਦਾਰੇ ਕਾਰਜਸ਼ੀਲ ਹਨ। ਇੰਨਾ ਹੀ ਨਹੀਂ, ਭਾਰਤ-ਜਾਪਾਨ ਦੀ ਇਹ ਸਾਝੇਦਾਰੀ ਲਗਾਤਾਰ ਹੋਰ ਮਜ਼ਬੂਤ ਹੋ ਰਹੀ ਹੈ। ਮੁੱਖ ਮੰਤਰੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਆਪਣੀ ਜਾਪਾਨ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੌਰਾਨ ਜਾਪਾਨੀ ਕੰਪਨੀਆਂ ਤੋਂ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ। ਯਾਤਰਾ ਦੌਰਾਨ ਜਾਪਾਨ ਦੀਆਂ 9 ਵੱਕਾਰੀ ਕੰਪਨੀਆਂ ਨੇ ਹਰਿਆਣਾ ਵਿੱਚ ਲਗਭਗ 5 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਭਰੋਸਾ ਦਿੱਤਾ। ਇਹੀ ਭਰੋਸਾ ਹਰਿਆਣਾ ਨੂੰ ਜਾਪਾਨੀ ਕੰਪਨੀਆਂ ਲਈ “ਹੋਮ ਅਵੇ ਫਰਾਮ ਹੋਮ” (ਘਰ ਤੋਂ ਦੂਰ ਇੱਕ ਹੋਰ ਘਰ) ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਸ਼ਵਾਸ ਕੇਵਲ ਬਿਜ਼ਨਸ-ਟੂ-ਬਿਜ਼ਨਸ ਜਾਂ ਗਵਰਨਮੈਂਟ-ਟੂ-ਗਵਰਨਮੈਂਟ ਸਬੰਧਾਂ ਤੱਕ ਸੀਮਤ ਨਹੀਂ ਹੈ, ਬਲਕਿ ਅਸੀਂ ਐਚ2ਐਚ ਯਾਨੀ ‘ਹਾਰਟ ਟੂ ਹਾਰਟ’ ਦੇ ਰਿਸ਼ਤਿਆਂ ਨੂੰ ਵਧੇਰੇ ਮਹੱਤਵ ਦਿੰਦੇ ਹਾਂ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਵਿਚਕਾਰ ਵਿਸ਼ਵਾਸ ਅਧਾਰਿਤ ਸਾਝੇਦਾਰੀ ਹੈ ਜੋ ਕਿ ਭਰੋਸੇ, ਅਨੁਸ਼ਾਸਨ, ਸਦਭਾਵਨਾ ਤੇ ਪਰੰਪਰਾ ਪ੍ਰਤੀ ਸਤਿਕਾਰ, ਉੱਤਮਤਾ ਪ੍ਰਤੀ ਵਚਨਬੱਧਤਾ ਦੇ ਸਾਂਝੇ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ। ਅੱਜ ਦੀ ਦੁਨੀਆ ਵਿੱਚ ਵਿਸ਼ਵਾਸ ਅਧਾਰਿਤ ਸਾਝੇਦਾਰੀ ਹੀ ਸਭ ਤੋਂ ਮਹੱਤਵਪੂਰਨ ਹੋਵੇਗੀ।
ਜਾਪਾਨੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਹਰਿਆਣਾ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਜਾਪਾਨੀ ਕੰਪਨੀਆਂ ਨੇ ਨਿਵੇਸ਼ ਲਈ ਵਿਸ਼ੇਸ਼ ਤੌਰ ‘ਤੇ ਹਰਿਆਣਾ ਨੂੰ ਹੀ ਕਿਉਂ ਚੁਣਿਆ। ਉਨ੍ਹਾਂ ਕਿਹਾ ਕਿ ਇਸਦਾ ਕਾਰਨ ਸਿਰਫ਼ ਪ੍ਰਦੇਸ਼ ਦੀ ਭੂਗੋਲਿਕ ਸਥਿਤੀ ਜਾਂ ਨਿਵੇਸ਼ ਉਤਸ਼ਾਹਨ ਯੋਜਨਾਵਾਂ ਨਹੀਂ ਹਨ, ਬਲਕਿ ਹਰਿਆਣਾ ਵੱਲੋਂ ਜਾਪਾਨੀ ਕਾਰਜ ਸੱਭਿਆਚਾਰ ਨੂੰ ਸਮਝਣਾ ਅਤੇ ਉਸਨੂੰ ਅਪਣਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨੀ ਉਦਯੋਗ ਗੁਣਵੱਤਾ, ਸੰਚਾਲਨ ਸਥਿਰਤਾ, ਅਨੁਸ਼ਾਸਿਤ ਕਾਰਜਬਲ, ਭਰੋਸੇਯੋਗ ਸਪਲਾਈ ਚੇਨ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ ਅਤੇ ਹਰਿਆਣਾ ਇਨ੍ਹਾਂ ਸਾਰੇ ਮਾਪਦੰਡਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹੀ ਮਾਪਦੰਡਾਂ ਨੂੰ ਅਧਾਰ ਬਣਾ ਕੇ ਹਰਿਆਣਾ ਨੇ ਆਪਣਾ ਸੰਪੂਰਨ ਉਦਯੋਗਿਕ ਤੰਤਰ ਵਿਕਸਿਤ ਕੀਤਾ ਹੈ। ਅੱਜ ਗੁਰੂਗ੍ਰਾਮ, ਮਾਨੇਸਰ, ਸੋਨੀਪਤ, ਬਾਵਲ ਅਤੇ ਝੱਜਰ ਵਰਗੇ ਖੇਤਰਾਂ ਵਿੱਚ ਕੇਵਲ ਉਦਯੋਗਿਕ ਕਲਸਟਰ ਹੀ ਨਹੀਂ ਦਿਖਾਈ ਦਿੰਦੇ, ਬਲਕਿ ਭਾਰਤ ਅਤੇ ਜਾਪਾਨ ਦੇ ਮਜ਼ਬੂਤ ਉਦਯੋਗਿਕ ਏਕੀਕਰਨ ਦੀ ਤਸਵੀਰ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅੱਜ ਜਾਪਾਨ ਲਈ ਕੇਵਲ ਇੱਕ ਨਿਵੇਸ਼ ਸਥਾਨ ਨਹੀਂ, ਬਲਕਿ ਇੱਕ ਭਰੋਸੇਯੋਗ ਰਣਨੀਤਕ ਸਾਝੇਦਾਰ ਬਣ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ, ਜਾਪਾਨੀ ਉਦਯੋਗਿਕ ਸਾਝੇਦਾਰੀ ਦਾ ਨਵਾਂ ਕੇਂਦਰ ਬਣੇਗਾ ਨਾਰਾਇਣਗੜ੍ਹ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਸਭ ਤੋਂ ਵੱਡੀ ਤਾਕਤ ਉਸਦੀ ਵਿਸ਼ਵ ਪੱਧਰੀ ਕਨੈਕਟੀਵਿਟੀ ਹੈ। ਪ੍ਰਦੇਸ਼ ਦਾ ਲਗਭਗ ਦੋ-ਤਿਹਾਈ ਹਿੱਸਾ ਐਨਸੀਆਰ ਵਿੱਚ ਆਉਂਦਾ ਹੈ ਅਤੇ ਹਰ ਜ਼ਿਲ੍ਹਾ ਰਾਸ਼ਟਰੀ ਰਾਜਮਾਰਗਾਂ ਨਾਲ ਜੁੜਿਆ ਹੋਇਆ ਹੈ। ਡੈਡੀਕੇਟਿਡ ਫ੍ਰੇਟ ਕਾਰੀਡੋਰ, ਦਿੱਲੀ-ਮੁੰਬਈ ਐਕਸਪ੍ਰੈਸਵੇਅ, ਰੈਪਿਡ ਰੇਲ, ਮੈਟਰੋ ਕਨੈਕਟੀਵਿਟੀ, ਗ੍ਰੀਨ ਫੀਲਡ ਕਾਰੀਡੋਰ ਅਤੇ ਏਅਰਪੋਰਟਸ ਹਰਿਆਣਾ ਨੂੰ ਗਲੋਬਲ ਨਿਵੇਸ਼ ਲਈ ਆਦਰਸ਼ ਰਾਜ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਗਲੋਬਲ ਮੁਕਾਬਲਾ ਕੇਵਲ ਉਤਪਾਦਨ ਤੱਕ ਸੀਮਤ ਨਹੀਂ ਹੈ, ਬਲਕਿ ਲੌਜਿਸਟਿਕ ਕੁਸ਼ਲਤਾ, ਮਜ਼ਬੂਤ ਸਪਲਾਈ ਚੇਨ ਅਤੇ ਬਾਜ਼ਾਰਾਂ ਤੱਕ ਆਸਾਨ ਪਹੁੰਚ ‘ਤੇ ਅਧਾਰਿਤ ਹੈ ਅਤੇ ਹਰਿਆਣਾ ਇਨ੍ਹਾਂ ਸਾਰੇ ਖੇਤਰਾਂ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਦੇਸ਼ ਵਿੱਚ 64 ਉਦਯੋਗਿਕ ਅਸਟੇਟ , ਇਲੈਕਟ੍ਰਾਨਿਕ ਕਲਸਟਰ, ਈਵੀ ਈਕੋਸਿਸਟਮ, ਲੌਜਿਸਟਿਕ ਹੱਬ, ਫੂਡ ਪਾਰਕ ਅਤੇ ਅਤਿ-ਆਧੁਨਿਕ ਨਿਰਮਾਣ ਜ਼ੋਨ ਵਿਕਸਿਤ ਕੀਤੇ ਜਾ ਰਹੇ ਹਨ। ਨਾਲ ਹੀ ਪ੍ਰਦੇਸ਼ ਵਿੱਚ 10 ਨਵੀਆਂ ਆਈਐਮਟੀ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਝੱਜਰ ਵਿੱਚ ਵਿਕਸਿਤ ਹੋ ਰਹੀ ਜਾਪਾਨੀ ਇੰਡਸਟਰੀਅਲ ਟਾਊਨਸ਼ਿਪ ਅਤੇ ਨਾਰਾਇਣਗੜ੍ਹ ਵਿੱਚ ਪ੍ਰਸਤਾਵਿਤ ਜਾਪਾਨੀ ਕਲਸਟਰ ਭਾਰਤ-ਜਾਪਾਨ ਉਦਯੋਗਿਕ ਸਾਝੇਦਾਰੀ ਨੂੰ ਨਵੀਂ ਦਿਸ਼ਾ ਦੇਣਗੇ।
ਮੁੱਖ ਮੰਤਰੀ ਨੇ ਜਾਪਾਨੀ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਲਈ ਕੀਤਾ ਆਮੰਤਰਿਤ
ਮੁੱਖ ਮੰਤਰੀ ਨੇ ਜਾਪਾਨੀ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪ੍ਰਦੇਸ਼ ਵਿੱਚ ਨਿਵੇਸ਼ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਉਪਲਬਧ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਖੇਤਰਾਂ ਦੇ ਵਿਕਾਸ ਵਿੱਚ ਨਿਵੇਸ਼ ਲਈ ਸੱਦਾ ਦਿੱਤਾ। ਹਰਿਆਣਾ ਦੇਸ਼ ਵਿੱਚ ਲਗਭਗ 50 ਫੀਸਦੀ ਕਾਰਾਂ ਅਤੇ 33 ਫੀਸਦੀ ਦੋਪਹੀਆ ਵਾਹਨਾਂ ਦਾ ਨਿਰਮਾਣ ਕਰਦਾ ਹੈ, ਇਸ ਲਈ ਆਟੋਮੋਬਾਈਲ ਖੇਤਰ ਵਿੱਚ ਸੋਹਣਾ ਅਤੇ ਖਰਖੌਦਾ ਆਈਐਮਟੀ ਨਿਵੇਸ਼ ਲਈ ਬਿਹਤਰ ਵਿਕਲਪ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਤੇਜ਼ੀ ਨਾਲ ਲੌਜਿਸਟਿਕ ਹੱਬ ਵਜੋਂ ਉੱਭਰ ਰਿਹਾ ਹੈ ਅਤੇ ਦਿੱਲੀ-ਐਨਸੀਆਰ ਖੇਤਰ ਨੂੰ ਆਧੁਨਿਕ ਲੌਜਿਸਟਿਕ ਨੈੱਟਵਰਕ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਨਿਵੇਸ਼ਕ ਡ੍ਰਾਈ ਪੋਰਟ, ਕੰਟੇਨਰ ਫ੍ਰੇਟ ਸਟੇਸ਼ਨ ਅਤੇ ਮਲਟੀਮੋਡਲ ਲੌਜਿਸਟਿਕਸ ਪਾਰਕ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ‘ਈਜ਼ ਆਫ ਡੂਇੰਗ ਬਿਜ਼ਨਸ’ ਦੇ ਨਾਲ-ਬੈਲੈਂਸ ‘ਸਪੀਡ ਆਫ ਡੂਇੰਗ ਬਿਜ਼ਨਸ’ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਇਸੇ ਦਿਸ਼ਾ ਵਿੱਚ ਇੱਕ ਹੀ ਛੱਤ ਹੇਠ 140 ਤੋਂ ਵੱਧ ਸੇਵਾਵਾਂ ਡਿਜੀਟਲ ਮਾਧਿਅਮ ਰਾਹੀਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਪ੍ਰੋਜੈਕਟਾਂ ਦੀ ਮਨਜ਼ੂਰੀ ਦਾ ਸਮਾਂ 24 ਦਿਨਾਂ ਤੋਂ ਘਟਾ ਕੇ 12 ਦਿਨ ਕਰ ਦਿੱਤਾ ਗਿਆ ਹੈ।
ਜਾਪਾਨੀ ਨਿਵੇਸ਼ਕਾਂ ਦੀ ਸਹੂਲਤ ਲਈ ਵਿਸ਼ੇਸ਼ ਵਿਵਸਥਾਵਾਂ ਵਿਕਸਿਤ ਕਰ ਰਿਹਾ ਹੈ ਹਰਿਆਣਾ
ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮਾਰਟ ਰਾਜ ਕੇਵਲ ਉਦਯੋਗਾਂ ਨਾਲ ਨਹੀਂ ਬਣਦਾ, ਬਲਕਿ ਬਿਹਤਰ ਜੀਵਨ ਗੁਣਵੱਤਾ ਵੀ ਉਸਦਾ ਮਹੱਤਵਪੂਰਨ ਹਿੱਸਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਗੁਰੂਗ੍ਰਾਮ ਜਾਪਾਨੀ ਪੇਸ਼ੇਵਰਾਂ ਲਈ ਭਾਰਤ ਦੇ ਸਰਵੋਤਮ ਸਮਾਜਿਕ ਬੁਨਿਆਦੀ ਢਾਂਚਾ ਤੰਤਰਾਂ ਵਿੱਚੋਂ ਇੱਕ ਬਣ ਚੁੱਕਾ ਹੈ। ਅੰਤਰਰਾਸ਼ਟਰੀ ਸਕੂਲ, ਜਾਪਾਨੀ ਰੈਸਟੋਰੈਂਟ, ਵਿਸ਼ਵ ਪੱਧਰੀ ਸਿਹਤ ਸੇਵਾਵਾਂ, ਗੋਲਫ ਕੋਰਸ ਅਤੇ ਏਕੀਕ੍ਰਿਤ ਸ਼ਹਿਰੀ ਬੁਨਿਆਦੀ ਢਾਂਚਾ ਗੁਰੂਗ੍ਰਾਮ ਨੂੰ ਅਸਲ ਅਰਥਾਂ ਵਿੱਚ ਇੱਕ ਗਲੋਬਲ ਸਿਟੀ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂਗ੍ਰਾਮ ਵਿੱਚ ਵਿਕਸਿਤ ਕੀਤਾ ਜਾ ਰਿਹਾ ‘ਗਲੋਬਲ ਸਿਟੀ ਪ੍ਰੋਜੈਕਟ’ ‘ਲਿਵ, ਵਰਕ ਐਂਡ ਪਲੇ’ ਦੇ ਸਿਧਾਂਤ ‘ਤੇ ਅਧਾਰਿਤ ਹੈ ਅਤੇ ਇਹ ਦੇਸ਼ ਦੇ ਸਭ ਤੋਂ ਵੱਡੇ ਏਕੀਕ੍ਰਿਤ ਮਿਸ਼ਰਿਤ ਉਪਯੋਗ ਟਾਊਨਸ਼ਿਪ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਵੇਗਾ।
ਜਾਪਾਨੀ ਨਿਵੇਸ਼ਕਾਂ ਲਈ ਪ੍ਰਦੇਸ਼ ਵਿੱਚ ਸਕੁਰਾ ਡੈਸਕ ਸਥਾਪਿਤ
ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨੀ ਨਿਵੇਸ਼ਕਾਂ ਦੀ ਸਹੂਲਤ ਲਈ ਹਰਿਆਣਾ ਸਰਕਾਰ ਨੇ ‘ਸਕੁਰਾ ਡੈਸਕ’ ਦੀ ਸਥਾਪਨਾ ਕੀਤੀ ਹੈ। ਇਹ ਵਿਸ਼ੇਸ਼ ਡੈਸਕ ਕੇਵਲ ਜਾਪਾਨੀ ਕੰਪਨੀਆਂ ਨਾਲ ਸਬੰਧਤ ਮਾਮਲਿਆਂ ਨੂੰ ਦੇਖੇਗਾ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਅੰਤ ਤੱਕ ਸਹਿਯੋਗ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗਾ। ਨਿਵੇਸ਼ ਤੋਂ ਪਹਿਲਾਂ ਸਲਾਹ-ਮਸ਼ਵਰੇ ਤੋਂ ਲੈ ਕੇ ਵਿਸਤਾਰ ਯੋਜਨਾਵਾਂ ਅਤੇ ਸਮੱਸਿਆਵਾਂ ਦੇ ਹੱਲ ਤੱਕ ਹਰ ਪੱਧਰ ‘ਤੇ ਜਾਪਾਨੀ ਕੰਪਨੀਆਂ ਨੂੰ ਸਹਾਇਤਾ ਉਪਲਬਧ ਕਰਵਾਈ ਜਾਵੇਗੀ।
ਨਵੀਂ ਉਦਯੋਗਿਕ ਕ੍ਰਾਂਤੀ ਵਿੱਚ ਭਾਰਤ-ਜਾਪਾਨ ਸਾਝੇਦਾਰੀ ਨੂੰ ਨਵੀਂ ਦਿਸ਼ਾ ਦੇਵੇਗਾ ਹਰਿਆਣਾ
ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਉਨ੍ਹਾਂ ਹੀ ਅਰਥਵਿਵਸਥਾਵਾਂ ਦਾ ਹੋਵੇਗਾ, ਜਿਨ੍ਹਾਂ ਦੀ ਸਪਲਾਈ ਚੇਨ ਮਜ਼ਬੂਤ ਅਤੇ ਲਚਕਦਾਰ ਹੋਵੇਗੀ। ਭਾਰਤ ਅਤੇ ਜਾਪਾਨ ਮਿਲ ਕੇ ਵਿਸ਼ਵ ਦੀ ਸਭ ਤੋਂ ਭਰੋਸੇਯੋਗ ਨਿਰਮਾਣ ਸਾਝੇਦਾਰੀ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨ , ਬੈਟਰੀ, ਸੈਮੀਕੰਡਕਟਰ, ਆਰਟੀਫੀਸ਼ੀਅਲ ਇੰਟੈਲੀਜੈਂਸ , ਰੋਬੋਟਿਕਸ, ਇਲੈਕਟ੍ਰਾਨਿਕਸ, ਹੈਲਥ ਟੈਕਨਾਲੋਜੀ ਅਤੇ ਹਰਿਤ ਨਿਰਮਾਣ ਵਰਗੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਇਸ ਨਵੀਂ ਉਦਯੋਗਿਕ ਕ੍ਰਾਂਤੀ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪ੍ਰਦੇਸ਼ ਇਲੈਕਟ੍ਰਿਕ ਮੋਬਿਲਿਟੀ, ਸਵੱਛ ਊਰਜਾ, ਗ੍ਰੀਨ ਹਾਈਡ੍ਰੋਜਨ, ਨਵਿਆਉਣਯੋਗ ਨਿਰਮਾਣ ਅਤੇ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਮੁੱਖ ਮੰਤਰੀ ਨੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ-ਜਾਪਾਨ ਸਾਝੇਦਾਰੀ ਦਾ ਅਗਲਾ ਵੱਡਾ ਅਧਿਆਇ ਐਮਐਸਐਮਈ ਖੇਤਰ ਲਿਖੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ 13 ਲੱਖ ਤੋਂ ਵੱਧ ਐਮਐਸਐਮਈ ਰਜਿਸਟਰਡ ਹਨ, ਜੋ 65 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ। ਆਟੋ ਕੰਪੋਨੈਂਟਸ, ਇੰਜੀਨੀਅਰਿੰਗ ਉਤਪਾਦ, ਇਲੈਕਟ੍ਰਾਨਿਕਸ, ਕੱਪੜਾ, ਰਸਾਇਣ ਅਤੇ ਉਦਯੋਗਿਕ ਨਿਰਮਾਣ ਵਰਗੇ ਖੇਤਰਾਂ ਵਿੱਚ ਹਰਿਆਣਾ ਦੇ ਐਮਐਸਐਮਈ ਜਾਪਾਨੀ ਉਦਯੋਗਾਂ ਨਾਲ ਮਿਲ ਕੇ ਗਲੋਬਲ ਸਪਲਾਈ ਚੇਨ ਦਾ ਮਹੱਤਵਪੂਰਨ ਹਿੱਸਾ ਬਣ ਸਕਦੇ ਹਨ। ਇਸੇ ਦਿਸ਼ਾ ਵਿੱਚ ਰਾਜ ਸਰਕਾਰ ਸੰਯੁਕਤ ਉੱਦਮ, ਤਕਨਾਲੋਜੀ ਤਬਾਦਲਾ, ਹੁਨਰ ਸਾਝੇਦਾਰੀ ਅਤੇ ਸੰਸਥਾਗਤ ਸਹਿਯੋਗ ਤੰਤਰ ਨੂੰ ਉਤਸ਼ਾਹਿਤ ਕਰ ਰਹੀ ਹੈ।
ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੂੰ ਡਾਈਕਿਨ ਕੰਪਨੀ ਦੇ ਐਮਡੀ ਕਮਲਜੀਤ ਸਿੰਘ ਜਾਵਾ ਨੇ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਇਸ ਮੌਕੇ ਉਦਯੋਗ ਅਤੇ ਵਣਜ ਵਿਭਾਗ, ਹਰਿਆਣਾ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਚੀਫ਼ ਕੋਆਰਡੀਨੇਟਰ ਇੰਡਸਟਰੀਜ਼ ਸੁਨੀਲ ਸ਼ਰਮਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ ਸਮੇਤ ਜਾਪਾਨ ਦੇ ਕਈ ਨਿਵੇਸ਼ਕ ਮੀਟਿੰਗ ਵਿੱਚ ਮੌਜੂਦ ਸਨ।