Friday, May 15Malwa News
Shadow

ਪਿੰਡ ਬਾਦਲ ਵਿਖੇ ਇਨਪੁਟ ਡੀਲਰਾਂ ਲਈ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਟ੍ਰੇਨਿੰਗ ਕੈਂਪ ਦਾ ਆਯੋਜਨ

ਲੰਬੀ/ਸ੍ਰੀ ਮੁਕਤਸਰ ਸਾਹਿਬ, 15 ਮਈ: ਡਾ. ਕਰਮਜੀਤ ਸ਼ਰਮਾ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਦੀ ਯੋਗ-ਅਗਵਾਈ ਹੇਠ, ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਲੰਬੀ ਬਲਾਕ) ਦੇ ਸਹਿਯੋਗ ਨਾਲ ਇਨਪੁਟ ਡੀਲਰਾਂ ਲਈ  ਪਿੰਡ ਬਾਦਲ ਵਿਖੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਕੈਂਪ ਦਾ ਮੁੱਖ ਉਦੇਸ਼ ਇਨਪੁਟ ਡੀਲਰਾਂ ਨੂੰ ਮਿੱਟੀ ਦੀ ਸਿਹਤ ਸੁਧਾਰਣ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਸਰਵਪੱਖੀ ਖੁਰਾਕੀ ਤੱਤ ਪ੍ਰਬੰਧਨ ਬਾਰੇ ਜਾਣਕਾਰੀ ਦੇਣਾ ਸੀ।

ਇਸ ਮੌਕੇ ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਪਸਾਰ ਸਿੱਖਿਆ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖਾਦਾਂ ਦੀ ਅਸੰਤੁਲਿਤ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਇਸ ਦੇ ਵਾਤਾਵਰਣ ’ਤੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਮਿੱਟੀ ਪਰਖ ਅਧਾਰਿਤ ਖਾਦ ਵਰਤੋਂ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਸਿਫ਼ਾਰਸ਼ਾਂ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕੈਂਪ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਜੈਵਿਕ ਸਰੋਤਾਂ ਦੀ ਵਰਤੋਂ, ਹਰੀ ਖਾਦ ਅਤੇ ਫਸਲੀ ਰਹਿੰਦ ਖੂਹੰਦ ਪ੍ਰਬੰਧਨ, ਖਾਦਾਂ ਦੀ ਕਮੀ ਦੇ ਸਮੇਂ ਵਿਕਲਪਿਕ ਖਾਦਾਂ ਦੀ ਵਰਤੋਂ, ਨਾਈਟ੍ਰੋਜਨ ਦੀ ਘੱਟ ਵਰਤੋਂ ਕਰਨ ਵਾਲੀ ਕਿਸਮ ਅਤੇ ਸੂਖਮ ਪੋਸ਼ਕ ਤੱਤਾਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਦੌਰਾਨ ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਫਲਾਂ ਅਤੇ ਸਬਜੀਆਂ ਵਿੱਚ ਸਰਵਪੱਖੀ ਖੁਰਾਕੀ ਤੱਤ ਪ੍ਰਬੰਧਨ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ।  ਇਸ ਮੌਕੇ ਡਾ. ਸੁਖਚੈਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਇਨਪੁਟ ਡੀਲਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਤੁਲਿਤ ਖਾਦ ਵਰਤੋਂ ਦੇ ਸਿਧਾਂਤਾਂ ਨੂੰ ਆਪਣੇ ਨਾਲ ਜੁੜੇ ਕਿਸਾਨਾਂ ਤੱਕ ਪਹੁਚਾਉਣ ਤਾਂ ਜੋ ਮਿੱਟੀ ਦੀ ਸਿਹਤ ਸੁਧਾਰੀ ਜਾ ਸਕੇ, ਖੇਤੀ ਦੀ ਲਾਗਤ ਘਟਾਈ ਜਾ ਸਕੇ ਅਤੇ ਟਿਕਾਊ ਖੇਤੀ ਵੱਲ ਕਦਮ ਵਧਾਇਆ ਜਾ ਸਕੇ।

 ਡਾ. ਗੁਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਪਹੁੰਚੇ ਹੋਏ ਇਨਪੁਟ ਡੀਲਰਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਚੱਲ ਰਹੀ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਨਪੁਟ ਡੀਲਰਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀਆਂ ਮੁਸ਼ਕਿਲਾਂ ਸੰਬੰਧੀ ਸਵਾਲ ਪੁੱਛੇ ਅਤੇ ਮੌਕੇ ‘ਤੇ ਹੀ ਵਿਗਿਆਨੀਆਂ ਵੱਲੋਂ ਉਨ੍ਹਾਂ ਦੇ ਸੰਤੁਸ਼ਟੀ ਭਰਪੂਰ ਉੱਤਰ ਦਿੱਤੇ ਗਏ।