Tuesday, May 12Malwa News
Shadow

ਹਰਿਆਣਾ ਰੋਡਵੇਜ਼ ਵਿੱਚ ਆਉਣਗੀਆਂ 1000 ਨਵੀਆਂ ਬੱਸਾਂ, 500 ਹੋਣਗੀਆਂ ਇਲੈਕਟ੍ਰਿਕ: ਟ੍ਰਾਂਸਪੋਰਟ ਮੰਤਰੀ ਅਨਿਲ ਵਿੱਜ

ਚੰਡੀਗੜ੍ਹ, 12 ਮਈ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਰਾਜ ਟ੍ਰਾਂਸਪੋਰਟ ਵਿਭਾਗ ਜਲਦੀ ਹੀ 1000 ਨਵੀਆਂ ਬੱਸਾਂ ਦੀ ਖਰੀਦ ਕਰੇਗਾ, ਜਿਨ੍ਹਾਂ ਵਿੱਚ 500 ਇਲੈਕਟ੍ਰਿਕ ਬੱਸਾਂ ਅਤੇ 500 ਆਮ ਬੱਸਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸੂਬੇ ਦੀ ਜਨਤਕ ਟ੍ਰਾਂਸਪੋਰਟ ਵਿਵਸਥਾ ਨੂੰ ਆਧੁਨਿਕ, ਸੁਰੱਖਿਅਤ, ਵਾਤਾਵਰਣ ਪੱਖੀ ਅਤੇ ਯਾਤਰੀ ਸਹੂਲਤਾਂ ਨਾਲ ਭਰਪੂਰ ਬਣਾਉਣਾ ਹੈ।

ਸ੍ਰੀ ਵਿੱਜ ਅੱਜ ਇੱਥੇ ਚੰਡੀਗੜ੍ਹ ਵਿੱਚ ਮੀਡੀਆ ਕਰਮੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਬੱਸਾਂ ਵਿੱਚ ਅਤਿ-ਆਧੁਨਿਕ ਟ੍ਰੈਕਿੰਗ ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਬੱਸਾਂ ਦੀ ਰੀਅਲ ਟਾਈਮ ਮਾਨੀਟਰਿੰਗ ਸੰਭਵ ਹੋ ਸਕੇਗੀ। ਇਸ ਦੇ ਨਾਲ ਹੀ ਏਅਰਪੋਰਟ ਦੀ ਤਰਜ਼ ‘ਤੇ ਬੱਸ ਅੱਡਿਆਂ ‘ਤੇ ਡਿਜੀਟਲ ਡਿਸਪਲੇਅ ਬੋਰਡ ਲਗਾਏ ਜਾਣਗੇ, ਤਾਂ ਜੋ ਯਾਤਰੀਆਂ ਨੂੰ ਬੱਸਾਂ ਦੇ ਆਉਣ ਅਤੇ ਜਾਣ ਦੀ ਸਹੀ ਜਾਣਕਾਰੀ ਸਮੇਂ ਸਿਰ ਮਿਲ ਸਕੇ।

ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਇੱਕ ਆਧੁਨਿਕ ਮੋਬਾਈਲ ਐਪ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਐਪ ਰਾਹੀਂ ਯਾਤਰੀ ਆਪਣੀ ਬੱਸ ਦੀ ਲੋਕੇਸ਼ਨ, ਸਮਾਂ-ਸਾਰਣੀ ਅਤੇ ਰੂਟ ਸਬੰਧੀ ਪੂਰੀ ਜਾਣਕਾਰੀ ਮੋਬਾਈਲ ‘ਤੇ ਹੀ ਪ੍ਰਾਪਤ ਕਰ ਸਕਣਗੇ ਅਤੇ ਆਪਣੀ ਯਾਤਰਾ ਦੀ ਬਿਹਤਰ ਯੋਜਨਾ ਬਣਾ ਸਕਣਗੇ।

ਸ੍ਰੀ ਵਿੱਜ ਨੇ ਕਿਹਾ ਕਿ ਨਵੀਂ ਤਕਨੀਕ ਰਾਹੀਂ ਬੱਸਾਂ ਦੇ ਨਿਰਧਾਰਤ ਰੂਟਾਂ ‘ਤੇ ਵੀ ਨਿਗਰਾਨੀ ਰੱਖੀ ਜਾਵੇਗੀ। ਜੇਕਰ ਕੋਈ ਚਾਲਕ ਬੱਸ ਨੂੰ ਗਲਤ ਰੂਟ ‘ਤੇ ਲੈ ਕੇ ਜਾਂਦਾ ਹੈ ਜਾਂ ਨਿਰਧਾਰਤ ਬੱਸ ਅੱਡੇ ‘ਤੇ ਨਹੀਂ ਪਹੁੰਚਦਾ, ਤਾਂ ਸਿਸਟਮ ਵਿੱਚ ਤੁਰੰਤ ਅਲਰਟ ਜਾਰੀ ਹੋਵੇਗਾ ਅਤੇ ਸਬੰਧਤ ਚਾਲਕ ਤੋਂ ਆਪਣੇ-ਆਪ ਸਪੱਸ਼ਟੀਕਰਨ ਮੰਗਿਆ ਜਾਵੇਗਾ। ਇਸ ਨਾਲ ਟ੍ਰਾਂਸਪੋਰਟ ਵਿਵਸਥਾ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਆਧੁਨਿਕ ਪ੍ਰਣਾਲੀ ਦਾ ਟ੍ਰਾਇਲ ਉਹ ਖ਼ੁਦ ਦੇਖ ਚੁੱਕੇ ਹਨ ਅਤੇ ਜਲਦੀ ਹੀ ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਕਿਸੇ ਇੱਕ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।

ਸ੍ਰੀ ਵਿੱਜ ਨੇ ਕਿਹਾ ਕਿ ਹਰਿਆਣਾ ਸਰਕਾਰ ਟ੍ਰਾਂਸਪੋਰਟ ਸੇਵਾਵਾਂ ਨੂੰ ਤਕਨੀਕ ਨਾਲ ਜੋੜ ਕੇ ਯਾਤਰੀਆਂ ਨੂੰ ਬਿਹਤਰ, ਸੁਰੱਖਿਅਤ ਅਤੇ ਸੁਖਾਲਾ ਸਫ਼ਰ ਅਨੁਭਵ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।