Saturday, November 8Malwa News
Shadow

ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ

ਨਵੀਂ ਦਿੱਲੀ/ਚੰਡੀਗੜ੍ਹ, 27 ਜੁਲਾਈ
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦੀ ਹਲਕੇ ਨਾਲ ਸਬੰਧਤ ਕੌਮੀ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਏ। ਮੀਤ ਹੇਅਰ ਵੱਲੋਂ ਨਿੱਜੀ ਤੌਰ ਉਤੇ ਮਾਮਲਾ ਉਠਾਉਣ ਉੱਤੇ ਕੇੰਦਰੀ ਮੰਤਰੀ ਨੇ ਲੋਕ ਸਭਾ ਮੈਂਬਰ ਦੀ ਮੰਗ ਉਤੇ ਗੌਰ ਫ਼ਰਮਾਉਣ ਦਾ ਵਿਸ਼ਵਾਸ ਦਿਵਾਇਆ।

ਮੀਤ ਹੇਅਰ ਨੇ ਬਰਨਾਲਾ-ਮੋਗਾ ਕੌਮੀ ਮਾਰਗ 703 ਉਤੇ ਚੀਮਾ-ਜੋਧਪੁਰ ਵਿਖੇ ਫਲਾਈਓਵਰ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਦੋ ਪਿੰਡ ਚੀਮਾ ਤੇ ਜੋਧਪੁਰ ਪੈਂਦੇ ਹੋਣ ਕਾਰਨ ਇਨ੍ਹਾਂ ਪਿੰਡਾਂ ਦੀ ਵੱਸੋਂ ਨੂੰ ਬੱਸ ਅੱਡੇ ਕੋਲ ਕਰਾਸ ਕਰਨ ਦੀ ਦਿੱਕਤ ਆਉਂਦੀ ਹੈ ਅਤੇ ਫਲਾਈਓਵਰ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਰਹਿੰਦਾ ਹੈ। ਇਸੇ ਤਰ੍ਹਾਂ ਬਰਨਾਲਾ-ਸੰਗਰੂਰ ਕੌਮੀ ਮਾਰਗ 64 ਉੱਪਰ ਬਡਬਰ ਪਿੰਡ ਵਿਖੇ ਫਲਾਈਓਵਰ ਦੀ ਬਹੁਤ ਲੋੜ ਹੈ।ਇਸ ਥਾਂ ਤੋਂ ਲੌਂਗੋਵਾਲ-ਸੁਨਾਮ ਵੱਲ ਵੱਖਰੀ ਰੋਡ ਨਿਕਲਦੀ ਹੈ ਜਿਸ ਕਾਰਨ ਉੱਥੇ ਜਾਮ ਲੱਗੇ ਰਹਿੰਦੇ ਹਨ ਅਤੇ ਫਲਾਈਓਵਰ ਬਣਾਉਣ ਦੀ ਤੁਰੰਤ ਲੋੜ ਹੈ।

ਮੀਤ ਹੇਅਰ ਨੇ ਤੀਜਾ ਮਾਮਲਾ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਵੀ ਮੰਗ ਰੱਖੀ। ਪਹਿਲੀ ਸੜਕ ਸਾਢੇ ਸੱਤ ਕਿਲੋਮੀਟਰ ਹੈ ਜੋ ਜੇਲ੍ਹ ਤੋਂ ਬਰਨਾਲਾ ਸ਼ਹਿਰ ਵਿੱਚ ਕਚਹਿਰੀ, ਆਈ ਟੀ ਆਈ ਚੌਕ ਵਿੱਚੋਂ ਗੁਜ਼ਰਦੀ ਹੰਢਿਆਇਆ ਚੌਕ ਤੱਕ ਜਾਂਦੀ ਹੈ ਅਤੇ ਦੂਜੀ ਸੜਕ ਆਈ ਟੀ ਆਈ ਚੌਕ ਤੋਂ ਹੰਢਿਆਇਆ ਤੱਕ ਸਾਢੇ ਤਿੰਨ ਕਿਲੋਮੀਟਰ ਹੈ। ਇਹ ਕੁੱਲ 10 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੀ ਲੋੜ ਹੈ ਤਾਂ ਜੋ ਟ੍ਰੈਫਿਕ ਵਿਵਸਥਾ ਹੋਰ ਸੁਖਾਲੀ ਹੋ ਸਕੇ।