
ਨੰਗਲ 02 ਅਪ੍ਰੈਲ: ਹਨੂੰਮਾਨ ਜੈਯੰਤੀ ਦੇ ਪਾਵਨ ਮੌਕੇ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ਿਵਾਲਿਕ ਅਵੈਨਿਊ, ਨੰਗਲ ਵਿਖੇ ਸਥਿਤ ਹਨੂੰਮਾਨ ਮੰਦਿਰ ਵਿੱਚ ਆਯੋਜਿਤ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਦਰਜ ਹੋਈ, ਜਿੱਥੇ ਭਗਤਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਬਜਰੰਗ ਬਲੀ ਜੀ ਦਾ ਜਨਮ ਉਤਸਵ ਮਨਾਇਆ। ਸਮਾਗਮ ਦੌਰਾਨ ਮੰਦਿਰ ਦਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਹਰ ਪਾਸੇ ਧਾਰਮਿਕ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਪਾਵਨ ਅਵਸਰ ‘ਤੇ ਹਨੂੰਮਾਨ ਮੰਦਿਰ ਵਿੱਚ ਨਤਮਸਤਕ ਹੋ ਕੇ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਅਰਦਾਸ ਕੀਤੀ ਗਈ ਕਿ ਸੂਬੇ ਅਤੇ ਦੇਸ਼ ਵਿੱਚ ਖੁਸ਼ਹਾਲੀ, ਅਮਨ-ਚੈਨ ਅਤੇ ਤਰੱਕੀ ਬਣੀ ਰਹੇ। ਇਸ ਦੌਰਾਨ ਉਨ੍ਹਾਂ ਨੇ ਮੰਦਿਰ ਵਿੱਚ ਚੱਲ ਰਹੀ ਭਜਨ-ਕੀਰਤਨ ਸੇਵਾ ਵਿੱਚ ਵੀ ਭਾਗ ਲਿਆ ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਬਜਰੰਗ ਬਲੀ ਜੀ ਸਾਰਿਆਂ ‘ਤੇ ਆਪਣੀ ਕਿਰਪਾ ਤੇ ਮਿਹਰ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖਸ਼ਣ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਾਨੂੰ ਆਤਮਿਕ ਤਾਕਤ ਦੇਣ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਧਾਰਮਿਕ ਤਿਉਹਾਰ ਸਾਡੇ ਸਮਾਜ ਦੀ ਸਾਂਝੀ ਵਿਰਾਸਤ ਹਨ, ਜੋ ਲੋਕਾਂ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਾਵਨ ਦਿਹਾੜੇ ਸਾਨੂੰ ਆਪਸੀ ਪਿਆਰ, ਸਤਿਕਾਰ ਅਤੇ ਸਹਿਯੋਗ ਨਾਲ ਜੀਵਨ ਜੀਊਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਅਸੀਂ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਮੁੱਲਾਂ ਨੂੰ ਸਾਂਭ ਕੇ ਰੱਖੀਏ।
ਕੈਬਨਿਟ ਮੰਤਰੀ ਨੇ ਸਮਾਗਮ ਦੇ ਆਯੋਜਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਰਹਿਣਗੇ। ਇਸ ਮੌਕੇ ਮੌਜੂਦ ਸੰਗਤਾਂ ਨੇ ਵੀ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਹਾਜ਼ਰੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਿਆ।