Sunday, December 7Malwa News
Shadow

ਗੁਰਦਾਸਪੁਰ ਪੁਲਿਸ ਨੇ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਦੀ ਗੁੱਥੀ ਸੁਲਝਾਈ; ਪਿਸਤੌਲ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ/ਗੁਰਦਾਸਪੁਰ, 1 ਨਵੰਬਰ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਗੁਰਦਾਸਪੁਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਇੱਕ ਆਧੁਨਿਕ 9 ਐਮਐਮ ਗਲੌਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ, ਜ਼ਬਰਨ ਵਸੂਲੀ ਨਾਲ ਜੁੜੀਆਂ ਗੋਲੀਬਾਰੀ ਦੀਆਂ ਦੋ ਹਾਲੀਆ ਵਾਰਦਾਤਾਂ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ ਦੇ ਰਹਿਣ ਵਾਲੇ ਨਿਤੀਸ਼ ਸਿੰਘ ਅਤੇ ਗੁਰਦਾਸਪੁਰ ਦੇ ਦਿਓਲ ਦੇ ਰਹਿਣ ਵਾਲੇ ਕਰਨ ਮਸੀਹ ਉਰਫ਼ ਅਜੇ ਉਰਫ਼ ਅੱਜੂ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ, 22 ਸਤੰਬਰ, 2025 ਨੂੰ ਦੋ ਬਾਈਕ ਸਵਾਰ ਵਿਅਕਤੀਆਂ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ `ਤੇ ਗੋਲੀਬਾਰੀ ਕੀਤੀ ਅਤੇ ਉਸਨੂੰ ਫੱਟੜ ਕਰ ਦਿੱਤਾ। ਇਸੇ ਤਰ੍ਹਾਂ 15 ਅਕਤੂਬਰ, 2025 ਨੂੰ ਦੋ ਬਾਈਕ ਸਵਾਰਾਂ ਨੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਗੋਲੀਬਾਰੀ ਕੀਤੀ ਸੀ। ਦੋਵਾਂ ਕੇਸਾਂ ਵਿੱਚ ਪੀੜਤਾਂ ਨੂੰ ਅਣਪਛਾਤੇ ਮੋਬਾਈਲ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਸੰਗਠਨ ਨਾਲ ਜੁੜੇ ਵਿਦੇਸ਼ੀ ਕੱਟੜਪੰਥੀ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਨਿਰਦੇਸ਼ਾਂ ਤੇ ਕੰਮ ਕਰਦੇ ਸਨ।

ਡੀਜੀਪੀ ਨੇ ਸਪੱਸ਼ਟ ਕੀਤਾ  ਕਿ ਦੋਵੇਂ ਮੁਲਜ਼ਮ ਇੱਕ ਮੈਡੀਕਲ ਸਟੋਰ ਅਤੇ ਇੱਕ ਹਸਪਤਾਲ ਦੇ ਮਾਲਕ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗੋਲੀਬਾਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਪੁਖ਼ਤਾ ਇਤਲਾਹ `ਤੇ ਕਾਰਵਾਈ ਕਰਦਿਆਂ ਐਸਐਸਪੀ ਗੁਰਦਾਸਪੁਰ ਆਦਿੱਤਿਆ ਦੀ  ਨਿਗਰਾਨੀ ਹੇਠ ਗੁਰਦਾਸਪੁਰ ਤੋਂ ਪੁਲਿਸ ਟੀਮਾਂ ਨੇ ਕਲਾਨੌਰ ਦੇ ਪਿੰਡ ਉੱਪਲ ਦੇ ਟੀ-ਪੁਆਇੰਟ ਤੋਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਪੁਲਿਸ ਟੀਮਾਂ ਦੀ ਅਗਵਾਈ ਡੀਐਸਪੀ ਕਲਾਨੌਰ ਗੁਰਵਿੰਦਰ ਸਿੰਘ ਚੰਦੀ, ਇੰਚਾਰਜ ਵਿਸ਼ੇਸ਼ ਟੀਮ ਗੁਰਦਾਸਪੁਰ ਐਸ.ਆਈ. ਗੁਰਵਿੰਦਰ ਸਿੰਘ ਅਤੇ
ਐਸ.ਐਚ.ਓ. ਕਲਾਨੌਰ ਇੰਸਪੈਕਟਰ ਜਤਿੰਦਰ ਸਿੰਘ ਕਰ ਰਹੇ ਸਨ।

ਡੀਆਈਜੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਪੁਲਿਸ ਟੀਮਾਂ ਗੁਰਲਾਲ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰ ਰਹੀਆਂ ਹਨ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ।

ਇਸ ਸਬੰਧ ਵਿੱਚ, ਐਫਆਈਆਰ ਨੰਬਰ 150 ਮਿਤੀ 16.10.25 ਨੂੰ ਬੀਐਨਐਸ ਦੀ ਧਾਰਾ 308(4), 324(4) ਅਤੇ 3(5) ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਥਾਣਾ ਕਲਾਨੌਰ ਵਿਖੇ ਕੇਸ ਦਰਜ ਕੀਤਾ ਗਿਆ ਸੀ।