Friday, September 19Malwa News
Shadow

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋਕਾਂ ਦੀ ਤੰਦਰੁਸਤ ਸਿਹਤ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਵਚਨਬੱਧ

ਚੰਡੀਗੜ੍ਹ, 15 ਸਤੰਬਰ:– ਵਾਤਾਵਰਣ ਅਨੂਕੁਲ ਉਦਯੋਗਿਕ ਗਤੀਵਿਧੀਆਂ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਸੂਬੇ ਭਰ ਵਿੱਚ ਸਾਰੀਆਂ ਟਾਇਰ ਪਾਈਰੋਲਿਸਿਸ ਆਇਲ (ਟੀਪੀਓ) ਯੂਨਿਟਾਂ ਦਾ ਵਿਆਪਕ ਨਿਰੀਖਣ ਕੀਤਾ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ 17 ਟੀਪੀਓ ਯੂਨਿਟਾਂ ਦੇ ਇੱਕੋ ਸਮੇਂ ਨਿਰੀਖਣ ਲਈ ਵਾਤਾਵਰਣ ਇੰਜੀਨੀਅਰ ਰੈਂਕ ਦੇ ਅਧਿਕਾਰੀਆਂ ਸਮੇਤ 17 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

ਸਰਕਾਰੀ ਬੁਲਾਰੇ ਅਨੁਸਾਰ ਇਹਨਾਂ ਨਿਰੀਖਣਾਂ ਦਾ ਉਦੇਸ਼ ਵਾਤਾਵਰਣ ਸੁਰੱਖਿਆ ਉਪਾਵਾਂ, ਸੁਰੱਖਿਆ ਪ੍ਰੋਟੋਕੋਲ ਤੇ ਕਾਨੂੰਨ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਧੀਨ ਲਾਜ਼ਮੀ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੀ ਪਾਲਣਾ ਦਾ ਮੁਲਾਂਕਣ ਕਰਨਾ ਸੀ।

ਨਿਰੀਖਣ ਤੋਂ ਪਤਾ ਲੱਗਾ ਕਿ 17 ਵਿੱਚੋਂ 11 ਯੂਨਿਟ ਨਿਰਧਾਰਤ ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਆਮ ਉਲੰਘਣਾਵਾਂ ਵਿੱਚ ਢੁਕਵੇਂ ਹਵਾ ਪ੍ਰਦੂਸ਼ਣ ਨਿਯੰਤਰਣ ਯੰਤਰਾਂ ਦੀ ਘਾਟ, ਪਾਈਰੋ ਗੈਸ ਦੀ ਅਸੁਰੱਖਿਅਤ ਸੰਭਾਲ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਵਿੱਚ ਕਮੀਆਂ ਸ਼ਾਮਲ ਸਨ।

ਇਨ੍ਹਾਂ ਉਲੰਘਣਾਵਾਂ ‘ਤੇ ਸਖ਼ਤ ਨੋਟਿਸ ਲੈਂਦਿਆਂ ਪੀਪੀਸੀਬੀ ਨੇ ਪਾਲਣਾ ਨਾ ਕਰਨ ਵਾਲੀਆਂ ਇਕਾਈਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਵਿੱਚ ਉਦਯੋਗਿਕ ਵਿਕਾਸ ਦੇ ਨਾਲ-ਨਾਲ ਟਿਕਾਊ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਸੰਕਲਪ ਨੂੰ ਦੁਹਰਾਇਆ। ਬੁਲਾਰੇ ਨੇ ਅੱਗੇ ਕਿਹਾ ਕਿ ਬੋਰਡ ਉਦਯੋਗਾਂ ਦੁਆਰਾ ਸੁਰੱਖਿਅਤ ਤਕਨਾਲੋਜੀਆਂ ਨੂੰ ਅਪਣਾਉਣ ਲਈ ਦ੍ਰਿੜ ਹੈ।

ਟਾਇਰ ਪਾਈਰੋਲਿਸਿਸ ਵਿੱਚ ਟਾਇਰ ਪਾਈਰੋਲਿਸਿਸ ਆਇਲ (ਟੀਪੀਓ) ਅਤੇ ਕਾਰਬਨ ਬਲੈਕ ਨੂੰ ਉਪ-ਉਤਪਾਦ ਵਜੋਂ ਤਿਆਰ ਕਰਨ ਲਈ ਆਕਸੀਜਨ-ਮੁਕਤ ਸਥਿਤੀਆਂ ਵਿੱਚ ਵੇਸਟ ਟਾਇਰਾਂ ਨੂੰ ਪ੍ਰੋਸੈਸ ਕਰਨਾ ਸ਼ਾਮਲ ਹੈ। ਜੇਕਰ ਇਹਨਾਂ ਇਕਾਈਆਂ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਤੇ ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਰਧਾਰਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਅਨੁਸਾਰ ਨਹੀਂ ਚਲਾਇਆ ਜਾਂਦਾ ਹੈ, ਤਾਂ ਇਹ ਯੂਨਿਟ ਗੰਭੀਰ ਵਾਤਾਵਰਣਕ ਖ਼ਤਰਿਆਂ ਜਿਵੇਂ ਕਿ ਕਾਲੇ ਧੂੰਏਂ ਦਾ ਨਿਕਾਸ, ਪਾਈਰੋ ਗੈਸ ਦਾ ਅਸੁਰੱਖਿਅਤ ਪ੍ਰਬੰਧਨ ਅਤੇ ਗੰਦੇ ਪਾਣੀ ਦੇ ਸਹੀ ਢੰਗ ਨਾਲ ਨਿਪਟਾਰਾ ਨਾ ਕਰਨ ਦਾ ਕਾਰਨ ਬਣ ਸਕਦੇ ਹਨ।