Saturday, November 8Malwa News
Shadow

ਫਾਜ਼ਿਲਕਾ ਬਦਲ ਰਿਹਾ ਹੈ, ਨਸ਼ੇ ਖਿਲਾਫ ਪ੍ਰਸ਼ਾਸਨ ਦੇ ਉਪਰਾਲਿਆਂ ਨਾਲ ਜੁੜਨ ਲੱਗੇ ਲੋਕ

ਫਾਜ਼ਿਲਕਾ, 21 ਜੁਲਾਈ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ਿਆਂ ਖਿਲਾਫ ਆਰੰਭੇ ਅਭਿਆਨ ਨਾਲ ਫਾਜ਼ਿਲਕਾ ਬਦਲਣ ਲੱਗਿਆ ਹੈ। ਨਸ਼ਿਆਂ ਖਿਲਾਫ ਪ੍ਰਸ਼ਾਸਨ ਦੇ ਉਪਰਾਲਿਆਂ ਨਾਲ ਲੋਕ ਭਾਗੀਦਾਰੀ ਜੁੜਨ ਲੱਗੀ ਹੈ। ਜ਼ਿਲ੍ਹੇ ਵਿਚ 228 ਪਿੰਡਾਂ ਦੇ ਲੋਕਾਂ ਨੇ ਨਸ਼ਿਆਂ ਖਿਲਾਫ ਅਭਿਆਨ ਵਿਚ ਸਰਕਾਰ ਦਾ ਸਾਥ ਦੇਣ ਲਈ ਪੰਚਾਇਤੀ ਮਤੇ ਪਾਏ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਬਲਾਕ ਵਿਚ 85, ਅਰਨੀਵਾਲਾ ਵਿਚ 42, ਫਾਜ਼ਿਲਕਾ ਵਿਚ 25, ਜਲਾਲਾਬਾਦ ਵਿਚ 36 ਅਤੇ ਖੂਈਆਂ ਸਰਵਰ ਵਿਚ 40 ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਮਤੇ ਪਕਾ ਕੇ ਨਸ਼ਿਆਂ ਖਿਲਾਫ ਲੜਨ ਦਾ ਅਹਿਦ ਲਿਆ ਹੈ। ਇੰਨ੍ਹਾਂ ਮਤਿਆਂ ਅਨੁਸਾਰ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਪ੍ਰਣ ਲਿਆ ਹੈ ਕਿ ਉਹ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣਗੇ ਅਤੇ ਅਜਿਹੇ ਕਿਸੇ ਮਾੜੇ ਅਨਸਰ ਦਾ ਸਾਥ ਨਹੀਂ ਦੇਣਗੇ। ਪਿੰਡ ਵਿਚ ਜੋ ਲੋਕ ਨਸ਼ੇ ਤੋਂ ਪੀੜਤ ਹਨ ਉਨ੍ਹਾਂ ਦਾ ਇਲਾਜ ਕਰਨ ਲਈ ਉਨ੍ਹਾਂ ਨੂੰ ਹਸਤਪਾਲ ਤੱਕ ਲੈ ਕੇ ਆਉਣਗੇ। ਡਿਪਟੀ ਕਮਿਸ਼ਨਰ ਆਖਦੇ ਹਨ ਕਿ ਇਹ ਲੋਕ ਚੇਤਨਾ ਵਿਚ ਪ੍ਰਸ਼ਾਸਨ ਦੇ ਕੰਮਾਂ ਪ੍ਰਤੀ ਵੱਧ ਰਹੇ ਵਿਸਵਾਸ਼ ਦਾ ਹੀ ਨਤੀਜਾ ਹੈ ਕਿ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਲਈ ਅੱਗੇ ਆਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਤੇ ਸਿੰਕਜਾ ਕਸਿਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਲੋਕਾਂ ਖਾਸ ਕਰਕੇ ਸਰਹੱਦੀ ਇਲਾਕਿਆਂ ਵਿਚ ਲੋਕਾਂ ਨੂੰ ਉਸਾਰੂ ਕਾਰਜਾਂ ਵਿਚ ਲਗਾਉਣ, ਉਨ੍ਹਾਂ ਦੇ ਰੋਜਗਾਰ ਦਾ ਪ੍ਰਬੰਧ ਕਰਨ ਅਤੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ। ਸਰਹੱਦੀ ਪਿੰਡਾਂ ਵਿਚ ਸਰਕਾਰ ਆਪਦੇ ਦੁਆਰ ਪ੍ਰੋਗਰਾਮ ਤਹਿਤ ਲੋਕ ਸੁਵਿਧਾ ਕੈਂਪ ਲਗਾ ਕੇ ਉਨ੍ਹਾਂ ਨੂੰ ਪਿੰਡ ਪੱਧਰ ਤੇ ਹੀ ਸਰਕਾਰੀ ਨਾਗਰਿਕ ਸੇਵਾਵਾਂ ਮੁਹਈਆ ਕਰਵਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਖੇਡ ਵਿਭਾਗ ਦੇ ਮਾਰਫ਼ਤ ਸਰਹੱਦੀ ਜ਼ਿਲ੍ਹੇ ਵਿਚ ਵੱਖ ਵੱਖ ਖੇਡਾਂ ਦੇ ਖੇਡ ਮੁਕਾਬਲੇ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾਂ ਤੇ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ। ਜਿਸ ਵਿਚ ਨੌਜਵਾਨ ਉਤਸਾਹ ਨਾਲ ਭਾਗ ਵੀ ਲੈ ਰਹੇ ਹਨ। ਜਦੋਂ ਕੋਈ ਬੋਰਡ ਪ੍ਰੀਖਿਆਵਾਂ ਆਦਿ ਨਾ ਹੋ ਰਹੀਆਂ ਹੋਣ ਤਾਂ ਇਹ ਖੇਡ ਮੁਕਾਬਲੇ ਹਰ ਸ਼ੁੱਕਰਵਾਰ ਨੂੰ ਕਰਵਾਏ ਜਾਂਦੇ ਹਨ।
ਇਸ ਤੋਂ ਬਿਨ੍ਹਾਂ ਸਰਹੱਦੀ ਪਿੰਡਾਂ ਵਿਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਪੁਲਿਸ ਤੇ ਪ੍ਰਸ਼ਾਸਨ ਦੇ ਸਿੱਧੇ ਸੰਪਰਕ ਵਿਚ ਰਹਿੰਦੀਆਂ ਹਨ ਅਤੇ ਪਿੰਡ ਦੀ ਹਰ ਇਕ ਹਲਚਲ ਦੀ ਸੂਚਨਾ ਪ੍ਰਸ਼ਾਸਨ ਨਾਲ ਸਾਂਝੀਆਂ ਕਰਦੀਆਂ ਹਨ। ਇਸ ਤਰਾਂ ਕਰਨ ਨਾਲ ਪ੍ਰਸ਼ਾਸਨ ਤੇ ਲੋਕਾਂ ਦੀ ਨੇੜਤਾ ਵਧੀ ਹੈ। ਇਸ ਤਰਾਂ ਦੀਆਂ ਕਮੇਟੀਆਂ ਨਾਲ 400 ਦੇ ਲਗਭਗ ਬੈਠਕਾਂ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਸਾਂਝੇ ਉਪਰਾਲਿਆਂ ਨਾਲ ਅਸੀਂ ਸਮਾਜ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ । ਉਹਨਾਂ ਨੇ ਆਖਿਆ ਕਿ ਸਕੂਲਾਂ ਵਿੱਚ ਬਡੀ ਪ੍ਰੋਗਰਾਮ ਰਾਹੀਂ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੋਵੇ ਤਾਂ ਉਹ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਤੋਂ ਮੁਫਤ ਇਲਾਜ ਕਰਵਾ ਸਕਦਾ ਹੈ। ਪਿੱਛਲੇ ਦਿਨੀ 5 ਦਰਜਨ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ੇ ਛੱਡਣ ਲਈ ਹਸਤਪਾਲ ਲਿਆਂਦਾ ਗਿਆ ਹੈ।