
ਫਰੀਦਕੋਟ : ਕੈਦੀਆਂ ਨੂੰ ਨਸ਼ਾ ਅਤੇ ਮੋਬਾਈਲ ਮੁਹਈਆ ਕਰਵਾਉਣ ਦੇ ਦੋਸ਼ਾਂ ਅਧੀਨ ਫਰੀਦਕੋਟ ਦੀ ਮਾਡਰਨ ਜੇਲ ਦੇ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀ ਆਈ ਏ ਸਟਾਫ ਫਰੀਦਕੋਟ ਨੇ ਦੋ ਕੈਦੀਆਂ ਨੂੰ ਰਿਮਾਂਡ ‘ਤੇ ਲਿਆ ਕੇ ਪੁੱਛਗਿੱਛ ਕੀਤੀ ਸੀ, ਜਿਨ੍ਹਾਂ ਨੇ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਜੇਲ ਦੇ ਵਾਰਡਨ ਵਲੋਂ ਹੀ ਨਸ਼ਾ ਤੇ ਮੋਬਾਈਲ ਜੇਲ ਵਿਚ ਪਹੁੰਚਾਏ ਜਾ ਰਹੇ ਹਨ।
ਇਨ੍ਹਾਂ ਕੈਦੀਆਂ ਦੇ ਬਿਆਨਾਂ ਦੇ ਆਧਾਰ ‘ਤੇ ਸੀ. ਆਈ.ਏ. ਸਟਾਫ ਫਰੀਦਕੋਟ ਨੇ ਜੇਲ ਦੇ ਵਾਰਡਨ ਜਸਵੀਰ ਸਿੰਘ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਫਰੀਦਕੋਟ ਦੀ ਮਾਡਰਨ ਜੇਲ ਨਸ਼ਾ ਅਤੇ ਮੋਬਾਈਲ ਫੋਨਾਂ ਦੇ ਮਾਮਲੇ ਵਿਚ ਚਰਚਾ ਵਿਚ ਰਹੀ ਹੈ। ਇਸ ਜੇਲ ਵਿਚ ਨਸ਼ਾ ਪਹੁੰਚਾਉਣ ਦੇ ਮਾਮਲੇ ਵਿਚ ਪਹਿਲਾਂ ਵੀ ਕਈ ਅਫਸਰਾਂ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਇਸ ਜੇਲ ਵਿਚ ਇਹ ਸਿਲਸਲਾ ਉਸੇ ਤਰਾਂ ਜਾਰੀ ਹੈ। ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਨਸ਼ੇ ਖਿਲਾਫ ਆਰੰਭੀ ਗਈ ਮੁਹਿੰਮ ਅਧੀਨ ਸਖਤੀ ਕੀਤੀ ਗਈ ਹੈ ਅਤੇ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਪੁਲੀਸ ਵਲੋਂ ਇਸ ਜੇਲ ਵਾਰਡਨ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।