Saturday, September 20Malwa News
Shadow

ਪਿੰਡ ਪਿੰਡ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਾਂਗੇ : ਕਰਮਜੀਤ ਅਨਮੋਲ

ਫ਼ਰੀਦਕੋਟ 18 ਮਈ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਜਿੱਥੇ ਸਮੁੱਚੇ ਹਲਕੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦਾ ਦਾਅਵਾ ਕੀਤਾ, ਉੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਕਦੇ ਵੀ ਆਪਸੀ ਦੁਸ਼ਮਣੀਆਂ ਨਾ ਪਾਲਣ ਅਤੇ ਭਾਈਚਾਰਕ ਸਾਂਝ ਨੂੰ ਕਦੇ ਵੀ ਨਾ ਤੋੜਨ।

ਸ਼ਨੀਵਾਰ ਨੂੰ ਕਰਮਜੀਤ ਅਨਮੋਲ ਵਿਧਾਨ ਸਭਾ ਹਲਕਾ ਜੈਤੋ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ਅਤੇ ਮਹੱਲਿਆਂ ਵਿੱਚ ਚੋਣ ਜਲਸੇ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਮੌਜੂਦ ਰਹੇ। ਇਹਨਾਂ ਤੋਂ ਇਲਾਵਾ ਫ਼ਿਲਮ ਜਗਤ ਦੇ ਨਾਮੀ ਕਲਾਕਾਰ ਪ੍ਰਿੰਸ ਕਮਲਜੀਤ ਅਤੇ ਮਲਕੀਤ ਰੌਣੀ ਵੀ ਕਰਮਜੀਤ ਅਨਮੋਲ ਦੇ ਚੋਣ ਪ੍ਰਚਾਰ ਵਿੱਚ ਡਟੇ ਹੋਏ ਸਨ।

ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਬਾਬਾ ਫ਼ਰੀਦ ਦੀ ਪਵਿੱਤਰ ਧਰਤੀ ਨੂੰ ਹਰਿਆ ਭਰਿਆ ਤੇ ਸਾਫ਼ ਸੁਥਰਾ ਬਣਾਉਣਾ ਮੇਰਾ ਪਹਿਲਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਵਾਂਗੇ।
ਇਸ ਦੇ ਨਾਲ ਹੀ ਉਨ੍ਹਾਂ ਹੱਥ ਜੋੜਦਿਆਂ ਅਪੀਲ ਕੀਤੀ, ” ਸਿਆਸੀ ਲੋਕਾਂ ਵਾਸਤੇ ਪਿੰਡਾਂ ਤੇ ਮਹੱਲਿਆਂ ਵਿੱਚ ਆਪਸੀ ਜਾਤੀ ਦੁਸ਼ਮਣੀਆਂ ਭੁੱਲ ਕੇ ਵੀ ਨਾ ਪਾਇਓ। ਵੋਟਾਂ ਆਈਆਂ ਨੇ ਤੇ ਵੋਟਾਂ ਲੰਘ ਜਾਣੀਆਂ ਨੇ। ਤੁਸੀਂ ਸਾਰਿਆਂ ਨੇ ਇੱਥੇ ਇਕੱਠਿਆਂ ਹੀ ਰਹਿਣਾ ਹੈ। ਸੋ ਵੀਰੋ ਆਪਸੀ ਸਦਭਾਵਨਾ ਤੇ ਭਾਈਚਾਰਕ ਸਾਂਝ ਨਾਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਜੇ ਕੋਈ ਲੀਡਰ ਧਰਮ ਜਾਂ ਜਾਤੀਵਾਦ ਦੇ ਨਾਂ ‘ਤੇ ਆਪਸੀ ਫੁੱਟ ‘ਤੇ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਸੁਚੇਤ ਰਹੋ।”

ਉਨ੍ਹਾਂ ਅੱਗੇ ਕਿਹਾ ਕਿ ਫ਼ਰੀਦਕੋਟ ਲੋਕ ਸਭਾ ਹਲਕਾ ਪੂਰੀ ਤਰ੍ਹਾਂ ਖੇਤੀ ‘ਤੇ ਨਿਰਭਰ ਇਲਾਕਾ ਹੈ। ਇੱਥੇ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਬੜੀ ਕਾਮਯਾਬ ਹੋ ਸਕਦੀ ਹੈ। ਆਪਾਂ ਪਿੰਡ-ਪਿੰਡ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਕੇ ਉਹ ਕੰਮ ਕਰਾਂਗੇ ਜੋ ਬੀਬਾ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਹੁੰਦੇ ਹੋਏ ਵੀ ਨਹੀਂ ਕਰ ਸਕੇ। ਇਹ ਇੰਡਸਟਰੀ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਕਾਰੋਬਾਰੀਆਂ ਸਮੇਤ ਹਰ ਤਬਕੇ ਲਈ ਆਰਥਿਕ ਖ਼ੁਸ਼ਹਾਲੀ ਲਿਆਵੇਗੀ ਅਤੇ ਬੇਰੁਜ਼ਗਾਰੀ ਖ਼ਤਮ ਕਰੇਗੀ।

ਅਨਮੋਲ ਨੇ ਕਿਹਾ ਕਿ ਨੌਜਵਾਨਾਂ ਲਈ ਹੱਥ ਦਾ ਹੁਨਰ ਬੇਹੱਦ ਜ਼ਰੂਰੀ ਹੈ। ਇਸ ਲਈ  ਫ਼ਰੀਦਕੋਟ ਵਿੱਚ ਇੰਟਰਨੈਸ਼ਨਲ ਸਟੈਂਡਰਡ ਦੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਅਤੇ ਹਰ ਵਿਧਾਨ ਸਭਾ ਖੇਤਰ ‘ਚ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨਾ ਮੇਰੀ ਤਰਜੀਹ ਰਹੇਗੀ। ਇਸ ਨਾਲ ਨਾ ਕੇਵਲ ਬੇਰੁਜ਼ਗਾਰੀ ਖ਼ਤਮ ਹੋਵੇਗੀ ਬਲਕਿ ਹੱਥ ਦੇ ਹੁਨਰ ਵਾਲਾ ਨੌਜਵਾਨ ਚਾਰ ਹੋਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਨਵੀਂ ਪੀੜੀ ਲਈ ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਪੇਸ਼ੇਵਰ ਖੇਡ ਢਾਂਚਾ ਸਥਾਪਿਤ ਕੀਤਾ ਜਾਵੇਗਾ। ਵਧੀਆ ਸਟੇਡੀਅਮ ਅਤੇ ਕੋਚ ਲਿਆਂਦੇ ਜਾਣਗੇ। ਖੇਡਾਂ ਦੇ ਖੇਤਰ ‘ਚ ਫ਼ਰੀਦਕੋਟ ਨੂੰ ਨੰਬਰ ਇੱਕ ‘ਤੇ ਲਿਆਉਣਾ ਹੈ।

ਨੌਜਵਾਨਾਂ ਨੂੰ ਸੰਬੋਧਿਤ ਹੁੰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਮੇਰੇ ਨੌਜਵਾਨ ਵੀਰ ਸਮਾਜ ਅਤੇ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਯੂਥ ਕਲੱਬਾਂ ਨੂੰ ਤਕੜਾ ਕੀਤਾ ਜਾਵੇਗਾ। ਯੂਥ ਕਲੱਬਾਂ ਨੂੰ ਨਾਲ ਲੈ ਕੇ ਪਿੰਡਾਂ ਅਤੇ ਮਹੱਲਿਆਂ ਦੀ ਕਾਇਆਂ-ਕਲਪ ਕਰਾਂਗੇ। ਨਸ਼ੇ ਸਮੇਤ ਸਾਰੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਡਟ ਕੇ ਲੜਾਂਗੇ। ਨਾ ਕੇਵਲ ਪੰਜਾਬ ਬਲਕਿ ਦੇਸ਼ ਵਿੱਚ ਫ਼ਰੀਦਕੋਟ ਦੇ ਨੌਜਵਾਨਾਂ ਦੀ ਮਿਸਾਲ ਕਾਇਮ ਕਰਾਂਗੇ।
ਇਸ ਤੋਂ ਇਲਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਮੋਲਕ ਸਿੰਘ ਨੇ ਆਪਣੇ-ਆਪਣੇ ਭਾਸ਼ਣਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਬਾਰੇ ਰਿਪੋਰਟ ਕਾਰਡ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜੋ ਕੰਮ ਪਿਛਲੇ 70 ਸਾਲਾਂ ‘ਚ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਭਗਵੰਤ ਮਾਨ ਸਰਕਾਰ ਨੇ ਉਹ ਦੋ ਸਾਲਾਂ ਦੌਰਾਨ ਕਰਕੇ ਦਿਖਾਇਆ ਹੈ।

ਇਸ ਮੌਕੇ ਪ੍ਰਿੰਸ ਕਮਲਜੀਤ ਅਤੇ ਮਲਕੀਤ ਰੌਣੀ ਕਰਮਜੀਤ ਅਨਮੋਲ ਨੂੰ ਵਧੀਆ ਕਿਰਦਾਰ ਵਾਲਾ ਖਰਾ ਇਨਸਾਨ ਕਰਾਰ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਕਰਮਜੀਤ ਅਨਮੋਲ ‘ਤੇ ਵਿਸ਼ਵਾਸ ਕਰਕੇ ਦੇਖਣ ਉਹ ਕਦੇ ਵੀ ਨਿਰਾਸ਼ ਨਹੀਂ ਹੋਣਗੇ।