Saturday, March 28Malwa News
Shadow

ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਚੱਲ ਰਹੇ ਸਕਿੱਲ ਅਤੇ ਰੋਜ਼ਗਾਰਮੁਖੀ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣ ਇਲਾਕੇ ਦੇ ਨੌਜ਼ਵਾਨ – ਵਿਧਾਇਕ ਚੱਢਾ 

ਰੂਪਨਗਰ, 28 ਮਾਰਚ: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਾਲਜ ਦੇ ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਅਤੇ ਸਮੂਹ ਸਟਾਫ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ।

ਇਸ ਦੌਰੇ ਦੌਰਾਨ ਪ੍ਰਿੰਸੀਪਲ ਡਾ. ਵਾਲੀਆ ਨੇ ਕਾਲਜ ਵਿੱਚ ਚੱਲ ਰਹੀਆਂ ਅਕਾਦਮਿਕ ਗਤੀਵਿਧੀਆਂ ਅਤੇ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਇਸ ਸਮੇਂ ਇੰਜੀਨੀਅਰਿੰਗ ਦੇ ਛੇ ਤਿੰਨ ਸਾਲਾ ਡਿਪਲੋਮਾ ਕੋਰਸ ਚੱਲ ਰਹੇ ਹਨ, ਜਿਨ੍ਹਾਂ ਵਿੱਚ ਇਲੈਕਟ੍ਰਿਕਲ ਇੰਜੀਨੀਅਰਿੰਗ, ਕੈਮਿਕਲ ਇੰਜੀਨੀਅਰਿੰਗ, ਮਕੈਨਿਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਸ਼ਾਮਲ ਹਨ। ਇਸ ਤੋਂ ਇਲਾਵਾ ਕਾਲਜ ਵਿੱਚ ਡਿਪਲੋਮਾ ਇਨ ਫਾਰਮੇਸੀ ਦਾ ਕੋਰਸ ਵੀ ਸਫਲਤਾਪੂਰਵਕ ਚੱਲ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਲਈ ਵੱਖ-ਵੱਖ ਸਕਿਲ ਅਤੇ ਰੋਜ਼ਗਾਰਮੁੱਖੀ ਕੋਰਸ ਚਲਾਏ ਜਾ ਰਹੇ ਹਨ ਅਤੇ ਕੁਝ ਨਵੇਂ ਕੋਰਸ ਪ੍ਰਸਤਾਵਿਤ ਹਨ, ਜੋ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਰੂਪਨਗਰ ਅਤੇ ਟੋਪਪਨ ਮਲਟੀ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ ਨਾਲ ਚਲਾਏ ਜਾਣਗੇ। ਕਾਲਜ ਵਿੱਚ ਇਸ ਵੇਲੇ 40 ਵਿਦਿਆਰਥੀਆਂ ਲਈ ਟੈਲੀ ਪ੍ਰਾਈਮ ਕੋਰਸ ਚੱਲ ਰਿਹਾ ਹੈ, ਜੋ ਟੋਪਪਨ ਮਲਟੀ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਿਟੇਡ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ 160 ਵਿਦਿਆਰਥੀਆਂ ਲਈ ਟੈਲੀ ਕੋਰਸ (ਲਗਭਗ 25,000 ਰੁਪਏ ਪ੍ਰਤੀ ਵਿਦਿਆਰਥੀ) ਅਤੇ 50 ਵਿਦਿਆਰਥੀਆਂ ਲਈ ਪੋਲਿਮਰ ਕੋਰਸ (ਲਗਭਗ 45,000 ਰੁਪਏ ਪ੍ਰਤੀ ਵਿਦਿਆਰਥੀ), ਜੋ ਕਿ ਸੈਂਟਰਲ ਇੰਸਟੀਚਿਊਟ ਆਫ ਪੈਟਰੋਕੈਮਿਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਕਰਵਾਇਆ ਜਾਵੇਗਾ, ਲਈ ਵੀ ਸਪਾਂਸਰਸ਼ਿਪ ਕੀਤੀ ਗਈ ਹੈ। ਇਨ੍ਹਾਂ ਕੋਰਸਾਂ ਦੌਰਾਨ ਵਿਦਿਆਰਥੀਆਂ ਦੀ ਰਹਿਣ-ਸਹਿਣ ਅਤੇ ਖਾਣ-ਪੀਣ ਸਮੇਤ ਸਾਰੇ ਖਰਚੇ ਕੰਪਨੀ ਵੱਲੋਂ ਉਠਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਕੰਪਨੀ ਵੱਲੋਂ ਇਲੈਕਟ੍ਰਿਕਲ ਵਾਹਨਾਂ ਸੰਬੰਧੀ ਪੂਰੀ ਤਰ੍ਹਾਂ ਸਪਾਂਸਰ ਕੀਤਾ ਕੋਰਸ ਵੀ ਸ਼ੁਰੂ ਕੀਤਾ ਜਾਵੇਗਾ, ਜੋ ਵਿਦਿਆਰਥੀਆਂ ਲਈ ਮੁਫ਼ਤ ਹੋਵੇਗਾ। ਇਸ ਤੋਂ ਇਲਾਵਾ ਆਈ.ਆਈ.ਟੀ. ਰੂਪਨਗਰ ਵੱਲੋਂ ਜਲਦ ਹੀ 350 ਵਿਦਿਆਰਥੀਆਂ ਲਈ ਆਈ.ਟੀ. ਟੈਕਨੀਕਲ ਸਪੋਰਟ ਅਤੇ 300 ਵਿਦਿਆਰਥੀਆਂ ਲਈ ਰੋਬੋਟਿਕ ਵੈਲਡਿੰਗ ਦੇ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਸਾਰੇ ਕੋਰਸ ਰੋਜ਼ਗਾਰਮੁੱਖੀ ਹਨ ਅਤੇ ਕੋਰਸ ਪੂਰਾ ਹੋਣ ਉਪਰੰਤ ਵਿਦਿਆਰਥੀਆਂ ਦੀ ਪਲੇਸਮੈਂਟ ਯਕੀਨੀ ਬਣਾਈ ਜਾਵੇਗੀ।

ਪ੍ਰਿੰਸੀਪਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕਾਲਜ ਵੱਲੋਂ ਜੈਕੁਆਰ ਗਰੁੱਪ ਨਾਲ ਸੰਪਰਕ ਕੀਤਾ ਗਿਆ ਹੈ ਤਾਂ ਜੋ ਕਾਲਜ ਵਿੱਚ ਪਲੰਬਿੰਗ ਵਰਕਸਟੇਸ਼ਨ ਸਥਾਪਿਤ ਕਰਕੇ ਪਲੰਬਿੰਗ ਕੋਰਸ ਵੀ ਸ਼ੁਰੂ ਕੀਤਾ ਜਾ ਸਕੇ।

ਇਸ ਮੌਕੇ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਕਾਲਜ ਦੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। 

ਇਸ ਮੌਕੇ ਹਲਕਾ ਵਿਧਾਇਕ ਸ੍ਰੀ ਦਿਨੇਸ਼ ਚੱਢਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਵਿੱਚ ਚੱਲ ਰਹੇ ਸਕਿੱਲ ਅਤੇ ਰੋਜ਼ਗਾਰਮੁੱਖੀ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਅਜਿਹੇ ਕੋਰਸ ਨੌਜਵਾਨਾਂ ਨੂੰ ਆਪਣੀ ਯੋਗਤਾ ਨਿਖਾਰਨ ਦੇ ਨਾਲ-ਨਾਲ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੁਦਮੁਖਤਿਆਰ ਅਤੇ ਕਾਬਲ ਬਣਾਉਣ ਲਈ ਅਜਿਹੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਹਰ ਯੋਗ ਵਿਦਿਆਰਥੀ ਨੂੰ ਲੈਣਾ ਚਾਹੀਦਾ ਹੈ।