Saturday, January 24Malwa News
Shadow

ਅਜਨਾਲਾ ਸ਼ਹਿਰ ਵਿੱਚ ਕਰੀਬ 68 ਲੱਖ ਰੁਪਏ ਦੀ ਲਾਗਤ ਨਾਲ 122 ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲੱਗਣ ਦਾ ਕੰਮ ਸ਼ੁਰੂ – ਧਾਲੀਵਾਲ

ਅੰਮ੍ਰਿਤਸਰ 24 ਜਨਵਰੀ 2026—ਹਲਕਾ ਅਜਨਾਲਾ ਦੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨਵਾਂ ਵਰ੍ਹਾ 2026 ਨੂੰ ਪੰਜਾਬ ‘ਚ ਪੇਂਡੂ ਤੇ ਸ਼ਹਿਰੀ ਬਹੁਪੱਖੀ ਵਿਕਾਸ, ਸਿਹਤ, ਤੇ ਸਿੱਖਿਆ ਕ੍ਰਾਂਤੀ ਵਜੋਂ ਮਨਾ ਕੇ ਰੰਗਲੇ ਪੰਜਾਬ ਦੀ ਸਿਰਜਣਾ ‘ਚ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਜਨਾਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸ: ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਵਿੱਚ 68.22 ਲੱਖ ਰੁਪਏ ਦੀ ਲਾਗਤ ਨਾਲ 122 ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਨਾਂ ਕੈਮਰਿਆਂ ਦੇ ਲੱਗਣ ਨਾਲ ਹੋਰ ਵਾਲੇ ਅਪਰਾਧਾਂ ਵਿੱਚ ਕਾਫ਼ੀ ਕਮੀ ਆਵੇਗੀ ਅਤੇ ਟ੍ਰੈਫਿਕ ਵਿਵਸਥਾ ਵਿੱਚ ਵੀ ਸੁਧਾਰ ਆਵੇਗਾ। ਉਨਾਂ ਦੱਸਿਆ ਕਿ ਇਸ ਦਾ ਕੰਟਰੋਲ ਰੂਮ ਅਜਨਾਲਾ ਥਾਣੇ ਵਿੱਚ ਬਣਾਇਆ ਗਿਆ ਹੈ। ਜਿਸ ਵਿੱਚ ਪੁਲਿਸ ਕਰਮਚਾਰੀ ਦਿਨ ਰਾਤ ਕੈਮਰਿਆਂ ਰਾਹੀਂ ਸ਼ਹਿਰ ਦੀ ਨਿਗਰਾਨੀ ਵੀ ਕਰਨਗੇ।  ਉਨਾਂ ਦੱਸਿਆ ਕਿ ਇਨਾਂ ਕੈਮਰਿਆਂ ਨੂੰ ਲਗਾਉਣ ਦਾ ਕੰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਂਦੇ 15-20 ਦਿਨਾਂ ਦੇ ਅੰਦਰ ਅੰਦਰ ਸਾਰੇ ਕੈਮਰੇ ਲੱਗ ਜਾਣਗੇ।

ਇਸ ਉਪਰੰਤ ਸ: ਧਾਲੀਵਾਲ ਵਲੋਂ ਅਜਨਾਲਾ ਹਲਕੇ ਦੇ ਪਿੰਡ ਰਮਦਾਸ ਵਿਖੇ 7.66 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਅਜਨਾਲਾ ਬਾਈਪਾਸ ਵਿਖੇ 6.62 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜ੍ਹਕਾਂ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਨਾਂ ਸੜ੍ਹਕਾਂ ਦੇ ਬਣ ਜਾਣ ਨਾਲ ਲੋਕਾਂ ਦੇ ਆਵਾਜਾਈ ਸਾਧਨ ਵਿੱਚ ਕਾਫ਼ੀ ਰਾਹਤ ਮਿਲੇਗੀ।  ਉਨਾਂ ਕਿਹਾ ਕਿ ਅਜਨਾਲਾ ਸ਼ਹਿਰ ਦੀਆਂ ਸਾਰੀਆਂ ਸੜ੍ਹਕਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

 ਸ. ਧਾਲੀਵਾਲ ਨੇ ਕਿਹਾ ਕਿ ਸਿਹਤ ਕ੍ਰਾਂਤੀ ਤਹਿਤ ਸੂਬੇ ਭਰ ਦੇ 65 ਲੱਖ ਪਰਿਵਾਰਾਂ ਭਾਵ 3 ਕਰੋੜ ਵੱਸੋਂ ਨੂੰ 10 ਲੱਖ ਰੁਪਏ ਤੱਕ ਮੁਫਤ ਸਿਹਤ ਬੀਮਾ ਸਕੀਮ ਲਾਗੂ ਹੋ ਗਈ ਹੈ ਅਤੇ ਇਹ ਸਕੀਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਮੁਫਤ ਸਿਹਤ ਸਕੀਮ ਤਹਿਤ ਲਾਭਪਾਤਰੀਆਂ ਲਈ ਨਾ ਤਾਂ ਜਾਤੀ ਵਰਗ ਅਤੇ ਨਾ ਹੀ ਆਮਦਨ ਹੱਦ ਦੀ ਸ਼ਰਤ ਲਾਗੂ ਹੋਵੇਗੀ। ਸੂਬੇ ਦੇ 800 ਸਰਕਾਰੀ ਹਸਪਤਾਲਾਂ ਸਮੇਤ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਲਾਭਪਾਤਰ 2 ਹਜਾਰ ਤੋਂ ਵੱਧ ਬਿਮਾਰੀਆਂ ਸਰਜਰੀਆਂ ਤੇ ਇਲਾਜ ਪ੍ਰਕਿਰਿਆਵਾਂ ਦਾ ਲਾਭ ਉਠਾਉਣ ਦੇ ਹੱਕ ਦਾਰ ਹੋਣਗੇ।