
ਜਲੰਧਰ, 17 ਜਨਵਰੀ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੂਬੇ ਤੇ ਦੇਸ਼ ਦੀ ਆਰਥਿਕ ਤੇ ਸਮਾਜਿਕ ਤਰੱਕੀ ’ਚ ਮਹਿਲਾਵਾਂ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ ਕਿ ਕੋਈ ਵੀ ਦੇਸ਼, ਸੂਬਾ ਅਤੇ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਮਹਿਲਾਵਾਂ ਨੂੰ ਬਰਾਬਰ ਦਾ ਸਥਾਨ ਨਹੀਂ ਦਿੱਤਾ ਜਾਂਦਾ।
ਸਰਵ ਸੁੱਖ ਸੇਵਾ ਮਿਸ਼ਨ ਵਲੋਂ ਡੀ.ਏ.ਵੀ. ਕਾਲਜ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿੱਚ ਕਰਵਾਏ ‘ਲੋਹੜੀ ਧੀਆਂ ਦੀ’ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸ਼੍ਰੀ ਗੜ੍ਹੀ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਧੀਆਂ ਦੇ ਹੱਕ ਦੀ ਗੱਲ ਹਰ ਮੰਚ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਹੋਰ ਸਸ਼ਕਤ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਸਿੰਘ ਬੱਸੀ, ਡਾਇਰੈਕਟਰ ਰਜਿੰਦਰ ਸਿੰਘ ਰੀਹਾਲ, ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ ਵੀ ਮੌਜੂਦ ਸਨ।
ਚੇਅਰਮੈਨ ਸ਼੍ਰੀ ਗੜ੍ਹੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ, ਜਿਸ ਸਦਕਾ ਲੜਕੀਆਂ ਅੱਜ ਕਿਸੇ ਖੇਤਰ ਵਿੱਚ ਪੁਰਸ਼ਾਂ ਨਾਲੋਂ ਘੱਟ ਨਹੀਂ ਹਨ ਸਗੋਂ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਸਰ ਕਰਦਿਆਂ ਸੂਬੇ ਅਤੇ ਦੇਸ਼ ਦੀ ਆਰਥਿਕ ਤੇ ਸਮਾਜਿਕ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੜਕੀਆਂ ਨੂੰ ਹਰ ਪਖੋਂ ਸਮਰੱਥ ਬਣਾਉਣ ਲਈ ਕੀਤੇ ਜਾ ਰਹੇ ਸੰਜੀਦਾ ਉਪਰਾਲਿਆਂ ਸਦਕਾ ਅੱਜ ਲੜਕੀਆਂ ਵਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਬਰਾਬਰ ਮੌਕੇ, ਸਿੱਖਿਆ ਅਤੇ ਆਪਣੇ ਫੈਸਲੇ ਖੁਦ ਲੈਣ ਦੀ ਆਜ਼ਾਦੀ ਦਿੱਤੀ ਜਾਵੇ, ਤਾਂ ਜੋ ਉਹ ਜੀਵਨ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਸਕਣ।
ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸਫ਼ਲ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਚੇਅਰਮੈਨ ਸ਼੍ਰੀ ਗੜ੍ਹੀ ਨੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰਨ ਲਈ ਇਨ੍ਹਾਂ ਸਫ਼ਲ ਮਹਿਲਾਵਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਰਵ ਸੁੱਖ ਸੇਵਾ ਮਿਸ਼ਨ ਵਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਅਤੇ ਡੀ.ਏ.ਵੀ. ਵਿੱਦਿਅਕ ਸੰਸਥਾਵਾਂ ਵਲੋਂ ਵਿੱਦਿਅਕ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਵੀ ਸਲਾਹਿਆ।
ਇਸ ਮੌਕੇ ਸਰਵ ਸੁੱਖ ਸੇਵਾ ਮਿਸ਼ਨ ਦੇ ਚੇਅਰਮੈਨ ਅਰਵਿੰਦ ਸ਼ਰਮਾ ਅਤੇ ਕਾਲਜ ਦੇ ਪ੍ਰਿੰਸੀਪਲ ਅਨੂਪ ਕੁਮਾਰ ਵਲੋਂ ਆਈਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਗੁਰਲਾਲ ਸੈਲਾ, ਸੁਖਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।