
ਚੰਡੀਗੜ੍ਹ/ ਸ੍ਰੀ ਅਨੰਦਪੁਰ ਸਾਹਿਬ, 12 ਨਵੰਬਰ:– ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਆਤਮਿਕ ਅਤੇ ਇਤਿਹਾਸਕ ਮਾਹੌਲ ਨੂੰ ਸਿਖਰ ‘ਤੇ ਲਿਜਾਣ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸ਼ਰਧਾਪੂਰਵਕ ਢੰਗ ਨਾਲ ਮਨਾਉਣ ਲਈ ਅੱਜ ‘ਵ੍ਹਾਈਟ ਸਿਟੀ’ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਸਥਾਨਕ ਬੱਸ ਸਟੈਂਡ ਤੋਂ ਪੂਰੇ ਸ਼ਹਿਰ ਨੂੰ ਸਫੇਦ ਰੰਗ ਨਾਲ ਰੰਗਣ ਲਈ ਪੇਂਟ ਬੁਰਸ਼ ਨਾਲ ਇਸ ਅਹਿਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਇਸ ਪ੍ਰੋਜੈਕਟ ਦੇ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਅੱਜ, ਅਸੀਂ ਸ੍ਰੀ ਅਨੰਦਪੁਰ ਸਾਹਿਬ ਨੂੰ ਸੁੰਦਰਤਾ, ਸ਼ਾਂਤੀ ਅਤੇ ਸ਼ਰਧਾ ਦਾ ਚਾਨਣ ਮੁਨਾਰਾ ਬਣਾਉਣ ਦੇ ਰਾਹ ‘ਤੇ ਨਿਕਲੇ ਹਾਂ। ਇਹ ਪ੍ਰੋਜੈਕਟ ਸਾਡੀ ਅਮੀਰ ਵਿਰਾਸਤ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਇੱਕ ਵਾਅਦਾ ਹੈ। ਪਵਿੱਤਰ ਨਗਰੀ ਦੀ ਰੂਹਾਨੀਅਤ ਨੂੰ ਪਹਿਲਾਂ ਹੀ ਮਹਿਸੂਸ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਹਰ ਗਲੀ ਅਤੇ ਕੋਨੇ ਨੂੰ ਸਾਫ਼ ਕਰ ਰਹੇ ਹਾਂ, ਹਰ ਸੜਕ ਦਾ ਨਵੀਨੀਕਰਨ ਕਰ ਰਹੇ ਹਾਂ ਅਤੇ ਸ਼ਹਿਰ ਨੂੰ ਸਫੇਦ ਰੰਗ ਵਿੱਚ ਰੰਗ ਰਹੇ ਹਾਂ।”
ਸਾਰੇ ਭਾਈਚਾਰਿਆਂ ਤੋਂ ਮਿਲ ਰਹੇ ਭਰਵੇਂ ਸਮਰਥਨ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਲੋਕ ਭਲਾਈ ਨੂੰ ਸਮਰਪਿਤ ਵਿਅਕਤੀਆਂ ਨੇ ਸ਼ੁਰੂਆਤੀ ਪੜਾਅ ਲਈ 20,000 ਲੀਟਰ ਤੋਂ ਵੱਧ ਸਫੇਦ ਪੇਂਟ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਆਪਸੀ ਭਾਈਚਾਰੇ ਅਤੇ ਸਮੂਹਿਕ ਯਤਨਾਂ ਦੀ ਭਾਵਨਾ ਦਾ ਇੱਕ ਪ੍ਰਤੱਖ ਪ੍ਰਮਾਣ ਹੈ।
ਨੌਜਵਾਨਾਂ ਅਤੇ ਪੰਚਾਇਤਾਂ ਨੂੰ ਇਸ ਵੱਡੀ ਸੇਵਾ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ, ਸਿੱਖਿਆ ਮੰਤਰੀ ਨੇ ਕਿਹਾ, “ਅਸੀਂ ਅਗਲੇ ਪੰਜ ਤੋਂ ਸੱਤ ਦਿਨਾਂ ਵਿੱਚ ਹਰ ਗਲੀ ਅਤੇ ਹਰ ਮੁਹੱਲੇ ਨੂੰ ਕਵਰ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਸਫੇਦ ਰੰਗ ਨਾਲ ਇਸ ਪਵਿੱਤਰ ਨਗਰੀ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਗਾਏ ਜਾਣ।”
ਸਿੱਖਿਆ ਮੰਤਰੀ ਨੇ ਇਸ ਪ੍ਰੋਜੈਕਟ ਲਈ ਸਮੁੱਚੇ ਪ੍ਰਸ਼ਾਸਨ ਵੱਲੋਂ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ‘ਵ੍ਹਾਈਟ ਸਿਟੀ’ ਪ੍ਰੋਜੈਕਟ ਨੂੰ ਇੱਕ ਨਿਰੰਤਰ ਮੁਹਿੰਮ ਵਜੋਂ ਅੱਗੇ ਵਧਾਇਆ ਜਾਵੇਗਾ ਅਤੇ ਇਸ ਦੇ ਮੌਜੂਦਾ ਪੜਾਅ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਸੰਪੂਰਨ ਅਤੇ ਸਥਾਈ ਸੁੰਦਰੀਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਾਗਮਾਂ ਲਈ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੀ ਸੰਗਤ ਨੂੰ ਗੁਰੂ ਸਾਹਿਬ ਦੀ ਵਿਰਾਸਤ ਦਾ ਰੂਹਾਨੀ ਪ੍ਰਤੀਕ ਬਣਾਇਆ ਜਾ ਸਕੇ।
ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੀ ਭਾਵਨਾ ਨੂੰ ਉਜਾਗਰ ਕਰਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਇਸ ਪਵਿੱਤਰ ਨਗਰੀ ‘ਚ ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਇੱਕ ਅਧਿਆਤਮਿਕ ਕਿਲ੍ਹੇ ਦੀ ਨੀਂਹ ਰੱਖੀ ਸੀ, ਅਸੀਂ ਗੁਰੂ ਸਾਹਿਬ ਦੀ ਰੂਹਾਨੀਅਤ ਨੂੰ ਦੁਨੀਆਂ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਨਿਮਾਣੀ ਸੇਵਾ ਸ਼ੁਰੂ ਕਰ ਰਹੇ ਹਾਂ।”