
ਜਲੰਧਰ, 18 ਅਗਸਤ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ
ਜਲੰਧਰ ਦਿਹਾਤੀ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ।
ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਵੱਡੇ ਪੱਧਰ ‘ਤੇ ਜ਼ਿਲ੍ਹੇ ਦੇ ਵੱਖ-ਵੱਖ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਗਈ। ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸਰਬਜੀਤ ਰਾਏ ਵੀ ਸ਼ਾਮਿਲ ਸਨ।
ਇਸ ਮੁਹਿੰਮ ਦੌਰਾਨ ਜਿਲ੍ਹੇ ਦੇ 18 ਹਾਟਸਪਾਟ ਥਾਣਾ ਫਿਲੌਰ ਦੇ ਗੰਨਾ ਪਿੰਡ, ਇੰਦਰਾ ਕਲੋਨੀ, ਮੁਹੱਲਾ ਸੰਤੋਖਪੁਰਾ, ਉੱਚੀ ਘਾਟੀ, ਸਮਰਾੜੀ ਅਤੇ ਸੇਲਖਿਆਣਾ, ਥਾਣਾ ਗੁਰਾਇਆ ਦੇ ਗੁਹਾਵਰ ਅਤੇ ਮੁਹੱਲਾ ਲਾਂਗੜੀਆਂ, ਥਾਣਾ ਬਿਲਗਾ ਦਾ ਪਿੰਡ ਭੋਡੇ, ਥਾਣਾ ਕਰਤਾਰਪੁਰ ਦੇ ਨਾਹਰਪੁਰ ਅਤੇ ਦਿਆਲਪੁਰ, ਥਾਣਾ ਮਕਸੂਦਾਂ ਦੇ ਨੂਰਪੁਰ ਅਤੇ ਭੂਤ ਕਲੋਨੀ (ਨੂਰਪੁਰ), ਥਾਣਾ ਮਹਿਤਪੁਰ ਦੇ ਧਰਮੇ ਦੀਆਂ ਛੰਨਾ ਅਤੇ ਬੂਟੇ ਦੀਆਂ ਛੰਨਾ, ਥਾਣਾ ਆਦਮਪੁਰ ਦੇ ਮੁਹੱਲਾ ਸਗਰਾਨ ਅਤੇ ਆਦਮਪੁਰ ਅਤੇ ਥਾਣਾ ਭੋਗਪੁਰ ਦੇ ਕਿੰਗਰਾ ਚੋਅ ਵਾਲਾ ਵਿੱਚ ਖਾਸ ਤੌਰ ‘ਤੇ ਘੇਰਾਬੰਦੀ ਕਰਕੇ ਤਲਾਸ਼ੀਆਂ ਕੀਤੀਆਂ ਗਈਆਂ।
ਦੁਪਹਿਰ 11 ਵਜੇ ਤੋਂ 1 ਵਜੇ ਤੱਕ ਚੱਲੀ ਇਸ ਕਾਰਵਾਈ ਦੌਰਾਨ 02 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 02 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਵੱਲੋਂ ਸਫਲਤਾ ਹਾਸਲ ਕੀਤੀ ਗਈ।
ਇਹ ਕਾਰਵਾਈ ਸਪਸ਼ਟ ਕਰਦੀ ਹੈ ਕਿ ਜਲੰਧਰ ਦਿਹਾਤੀ ਪੁਲਿਸ ਨਸ਼ਿਆਂ ਦੇ ਖ਼ਿਲਾਫ਼ ਜੰਗ ਵਿੱਚ ਪੂਰੀ ਦ੍ਰਿੜਤਾ ਅਤੇ ਵਚਨਬੱਧਤਾ ਨਾਲ ਖੜੀ ਹੈ। ਨਸ਼ਿਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਨਾ, ਤਸਕਰਾਂ ਦੇ ਮਨੋਬਲ ਨੂੰ ਟੁੱਟਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣਾ ਹੀ ਇਸ ਮੁਹਿੰਮ ਦਾ ਮੁੱਖ ਮੰਤਵ ਹੈ।
ਜਲੰਧਰ ਦਿਹਾਤੀ ਪੁਲਿਸ ਵੱਲੋਂ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਹੋਰ ਵੀ ਤੇਜ਼ੀ ਅਤੇ ਸਖ਼ਤੀ ਨਾਲ ਜਾਰੀ ਰਹਿਣਗੀਆਂ, ਤਾਂ ਜੋ ਨਸ਼ਾ-ਮੁਕਤ ਅਤੇ ਸੁਰੱਖਿਅਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।