Tuesday, October 13Malwa News
Shadow

ਸਵੈ-ਇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਸਵੈ-ਸੇਵਕਾਂ ਨੂੰ ਮਿਲੇਗਾ ਸਕੂਲਾਂ ਵਿੱਚ ਪੜ੍ਹਾਉਣ ਦਾ ਮੌਕਾ, ਮੁੱਖ ਮੰਤਰੀ ਨੇ ਲਾਂਚ ਕੀਤਾ ਪੋਰਟਲ

ਚੰਡੀਗੜ੍ਹ, 13 ਅਕਤੂਬਰ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਸਿੱਖਿਆ ਵਿਭਾਗ ਦੇ ‘ਸਵੈ-ਸੇਵਕ ਅਧਿਆਪਕ ਰਜਿਸਟ੍ਰੇਸ਼ਨ ਪੋਰਟਲ’ ਦੀ ਲਾਂਚਿੰਗ ਕੀਤੀ, ਜਿਸ ਦੇ ਮਾਧਿਅਮ ਨਾਲ ਸਕੂਲਾਂ ਵਿੱਚ ਸਵੈ-ਇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਸਵੈ-ਸੇਵਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਮੌਕੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਸਮੇਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਾਜ ਵਿੱਚ ਅਨੇਕਾਂ ਸੇਵਾਮੁਕਤ ਅਧਿਆਪਕ, ਐਕਸ-ਸਰਵਿਸਮੈਨ ਅਤੇ ਸਿੱਖਿਆ ਖੇਤਰ ਨਾਲ ਜੁੜੇ ਵਿਅਕਤੀ ਆਪਣੇ ਵਿਹਲੇ ਸਮੇਂ ਦੀ ਸਮਾਜ ਭਲਾਈ ਵਿੱਚ ਵਰਤੋਂ ਕਰਨ ਲਈ ਸਰਕਾਰ ਦੇ ਵੱਖ-ਵੱਖ ਕੰਮਾਂ ਨਾਲ ਜੁੜਨ ਦੇ ਚਾਹਵਾਨ ਰਹਿੰਦੇ ਹਨ। ਅਜਿਹੇ ਸਮਾਜ ਸੇਵੀਆਂ ਅਤੇ ਸਵੈ-ਇੱਛਾ ਨਾਲ ਸੇਵਾ ਦੇਣ ਦੇ ਚਾਹਵਾਨ ਵਿਅਕਤੀਆਂ ਨੂੰ ਸਿੱਖਿਆ ਵਿਭਾਗ ਵਿੱਚ ਵਿਦਿਅਕ ਕਾਰਜਾਂ ਨਾਲ ਜੋੜਨ ਲਈ ਲਾਂਚ ਕੀਤਾ ਗਿਆ ਇਹ ਪੋਰਟਲ ਸੂਬੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਵੀ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਅਧਿਆਪਕ, ਪੜ੍ਹਾਉਣ ਦੇ ਚਾਹਵਾਨ ਐਕਸ-ਸਰਵਿਸਮੈਨ, ਵੱਡੀਆਂ ਜਮਾਤਾਂ ਦੇ ਵਿਦਿਆਰਥੀ ਅਤੇ ਸੇਵਾ ਭਾਵਨਾ ਨਾਲ ਪੜ੍ਹਾਉਣ ਦਾ ਕੰਮ ਕਰਨ ਵਾਲੇ ਵਿਅਕਤੀ ਇਸ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਰਜਿਸਟਰਡ ਸਵੈ-ਸੇਵਕਾਂ ਵਿੱਚੋਂ ਢੁਕਵੇਂ ਅਤੇ ਯੋਗ ਵਿਅਕਤੀਆਂ ਦੀ ਚੋਣ ਲਈ ਜ਼ਿਲ੍ਹਾ ਪੱਧਰ ‘ਤੇ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ਵਿੱਚ ਪੁਲਿਸ ਵਿਭਾਗ ਦੇ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ ‘ਤੇ ਚਾਹਵਾਨ ਵਿਅਕਤੀ ਨੂੰ ਸਿੱਖਿਆ ਵਿਭਾਗ ਨਾਲ ਜੋੜ ਕੇ ਵਿਦਿਅਕ ਕਾਰਜਾਂ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।