
ਚੰਡੀਗੜ੍ਹ 15 ਜਨਵਰੀ, 2026:-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਡਾਇਰੈਕਟਰ, ਲੈਂਡ ਰਿਕਾਰਡ ਵਿਭਾਗ, ਪੰਜਾਬ ਦੇ ਦਫ਼ਤਰ ਵਿਖੇ ਤਾਇਨਾਤ ਠੇਕਾ ਅਧਾਰਤ ਕਰਮਚਾਰੀ ਪਰਵੇਸ਼ ਨੂੰ ਸ਼ਿਕਾਇਤਕਰਤਾ ਕੋਲੋਂ ਉਸ ਦੀ ਜ਼ਮੀਨ ਦੇ ਰਿਕਾਰਡ ਪ੍ਰਦਾਨ ਕਰਨ ਬਦਲੇ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਪਿੰਡ ਛੋਕਰਾ, ਤਹਿਸੀਲ ਦਸੂਹਾ, ਜ਼ਿਲ੍ਹਾ ਐਸਬੀਐਸ ਨਗਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਪਤਨੀ ਨੇ ਦਸੂਹਾ ਦੀ ਅਦਾਲਤ ਵਿੱਚ ਸਿਵਲ ਮੁਕੱਦਮਾ ਦਾਇਰ ਕੀਤਾ ਸੀ ਜਿਸ ਵਿੱਚ ਉਸ ਨੇ 12 ਏਕੜ ਜੱਦੀ ਜ਼ਮੀਨ ਵਿੱਚ ਆਪਣੇ ਕਾਨੂੰਨੀ ਹਿੱਸੇ ਦੀ ਮੰਗ ਕੀਤੀ ਸੀ। ਇਸ ਸਬੰਧੀ, ਜ਼ਮੀਨ ਦੀ ਮਲਕੀਅਤ ਸਾਬਤ ਕਰਨ ਲਈ ਜਮ੍ਹਾਂਬੰਦੀ, ਜ਼ਮੀਨ ਦੀ ਅਲਾਟਮੈਂਟ ਅਤੇ ਜਮ੍ਹਾਂ ਰਿਕਾਰਡ ਦੀਆਂ ਪ੍ਰਮਾਣਿਤ ਕਾਪੀਆਂ ਦੀ ਲੋੜ ਸੀ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਆਪਣੀ ਜ਼ਮੀਨ ਦੇ ਰਿਕਾਰਡ ਪ੍ਰਾਪਤ ਕਰਨ ਲਈ ਡਾਇਰੈਕਟਰ ਲੈਂਡ ਰਿਕਾਰਡ, ਪੰਜਾਬ ਦੇ ਜਲੰਧਰ ਦਫਤਰ ਵਿਖੇ ਅਰਜ਼ੀ ਦਿੱਤੀ ਸੀ। ਵਾਰ-ਵਾਰ ਗੇੜੇ ਲਗਾਉਣ ਦੇ ਬਾਵਜੂਦ ਲੋੜੀਂਦੇ ਰਿਕਾਰਡ ਨਹੀਂ ਦਿੱਤੇ ਗਏ। ਇਸ ਪ੍ਰਕਿਰਿਆ ਦੌਰਾਨ ਦੋਸ਼ੀ ਪਰਵੇਸ਼ ਸ਼ਿਕਾਇਤਕਰਤਾ ਨੂੰ ਮਿਲਿਆ ਅਤੇ ਦਾਅਵਾ ਕੀਤਾ ਕਿ ਉਹ ਲੋੜੀਂਦੇ ਰਿਕਾਰਡ ਦੇ ਨਾਲ-ਨਾਲ ਉਨ੍ਹਾਂ ਦੇ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਪ੍ਰਬੰਧ ਵੀ ਕਰੇਗਾ। ਉਸਨੇ ਰਿਕਾਰਡ ਪ੍ਰਦਾਨ ਕਰਨ ਲਈ 10,000 ਰੁਪਏ ਅਤੇ ਅਨੁਵਾਦ ਦੇ ਕੰਮ ਲਈ 12,000 ਰੁਪਏ ਸਮੇਤ ਕੁੱਲ 22,000 ਰੁਪਏ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਦੋਸ਼ੀ ਪਰਵੇਸ਼ ਨੂੰ ਪਹਿਲਾਂ ਵੀ ਵੱਖ-ਵੱਖ ਤਰੀਕਾਂ ‘ਤੇ ਗੂਗਲ ਪੇਅ ਅਤੇ ਨਕਦੀ ਰਾਹੀਂ 18,000 ਰੁਪਏ ਦੀ ਰਕਮ ਅਦਾ ਕੀਤੀ ਹੈ। ਉਸਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਵੀ ਪਰਵੇਸ਼ ਨੇ 4,000 ਰੁਪਏ ਹੋਰ ਲੈਣ ਦੀ ਮੰਗ ਕੀਤੀ।
ਬੁਲਾਰੇ ਨੇ ਅੱਗੇ ਕਿਹਾ ਕਿ ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।