Tuesday, December 10Malwa News
Shadow

ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਵਿਜੀਲੈਂਸ ਬਿਊਰੋ ਵੱਲੋਂ ਰਾਜਸਥਾਨ ਤੋਂ ਕਾਬੂ

ਚੰਡੀਗੜ੍ਹ 9 ਨਵੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਫਿਰੋਜਪੁਰ ਦੇ ਪਿੰਡਾਂ ਵਿੱਚ ਸਾਲ 2018-2019 ਵਿੱਚ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਮਾਈਨਿੰਗ ਮਹਿਕਮੇ ਦੇ ਤਤਕਾਲੀ ਅਧਿਕਾਰੀਆਂ/ਕਰਮਚਾਰੀਆਂ ਖਿਲਾਫ਼ ਵੀ ਸਾਜਿਸ਼ ਰਚਣ ਅਤੇ ਭ੍ਰਿਸ਼ਟਾਚਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਸ਼ਿਕਾਇਤ ਨੰਬਰ 180/2019 ਫਿਰੋਜਪੁਰ ਦੀ ਗਹਿਨ ਪੜਤਾਲ ਉਪਰੰਤ ਮੁਕੱਦਮਾ ਨੰਬਰ 30 ਮਿਤੀ 04.11.2024  ਨੂੰ ਆਈ.ਪੀ.ਸੀ. ਦੀ ਧਾਰਾ 409, 379, 120-ਬੀ, ਮਾਈਨਿੰਗ ਤੇ ਮਿਨਰਲਜ ਕਾਨੂੰਨ ਦੀ ਧਾਰਾ 21 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਸਮੇਤ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਵਿਖੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਠੇਕੇਦਾਰ ਮਹਾਂਵੀਰ ਸਿੰਘ ਪ੍ਰਾਈਮਵਿਜਨ ਕੰਪਨੀ ਅਤੇ ਉਸ ਸਮੇਂ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀ ਬਤੌਰ ਮੁਲਜ਼ਮ ਸ਼ਾਮਲ ਹਨ।
ਉੱਨਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਜ਼ਿਲ੍ਹਾ ਫਿਰੋਜਪੁਰ ਦੀ ਤਹਿਸੀਲ ਜੀਰਾ ਅਧੀਨ ਪੈਂਦੇ ਪਿੰਡ ਟਿੰਡਵਾਂ, ਪਿੰਡ ਰੋਸ਼ਨਸ਼ਾਹ ਵਾਲਾ ਅਤੇ ਪਿੰਡ ਬਹਿਕ ਗੁੱਜਰਾਂ ਦੇ 217 ਕਨਾਲ 01 ਮਰਲਾ ਰਕਬੇ ਵਿੱਚ ਉਕਤ ਠੇਕੇਦਾਰ ਮਹਾਂਵੀਰ ਸਿੰਘ ਵੱਲੋਂ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜਮੀਨ ਮਾਲਕਾਂ ਨੂੰ ਪੰਜਾਬ ਸਰਕਾਰ ਪਾਸੋਂ ਫਰਮ ਨੂੰ ਮਾਈਨਿੰਗ ਕਰਨ ਦਾ ਠੇਕਾ ਮਿਲਿਆ ਹੋਣ ਦਾ ਦੱਸਕੇ ਇੰਨਾਂ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਗਈ ਜਿਸ ਨਾਲ ਸਰਕਾਰ ਨੂੰ ਕਰੀਬ 4,05,60,785 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਅਤੇ ਜਮੀਨ ਮਾਲਕਾਂ ਨੂੰ ਉਨ੍ਹਾਂ ਦੀ ਬਣਦੀ ਰਾਇਲਟੀ ਵੀ ਨਹੀਂ ਦਿੱਤੀ ਗਈ।
ਬੁਲਾਰੇ ਮੁਤਾਬਕ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਉਕਤ ਮੁਲਜ਼ਮ ਠੇਕੇਦਾਰ ਮਹਾਂਵੀਰ ਸਿੰਘ ਖਿਲਾਫ ਕਾਰਵਾਈ ਕਰਨ ਦੀ ਬਜਾਏ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 91 ਮਿਤੀ 25.07.2020 ਨੂੰ ਆਈ.ਪੀ.ਸੀ. ਦੀ ਧਾਰਾ 379 ਅਤੇ ਮਾਈਨਿੰਗ ਐਕਟ ਦੀ ਧਾਰਾ 21 ਤਹਿਤ ਥਾਣਾ ਸਦਰ ਜ਼ੀਰਾ ਜਿਲ੍ਹਾ ਫਿਰੋਜਪੁਰ ਵਿਖੇ ਦਰਜ ਕਰਵਾਇਆ ਗਿਆ ਅਤੇ ਜਮੀਨ ਮਾਲਕਾਂ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ ਗਏ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਫਿਰੋਜਪੁਰ ਵਿੱਚ ਪੈਂਦੇ ਪਿੰਡਾਂ ਗਿੱਲਾਂਵਾਲਾ, ਆਂਸਲ, ਖਾਨੇ ਕੇ ਅਹਿਲ ਅਤੇ ਖੁਸ਼ਹਾਲ ਸਿੰਘ ਵਾਲਾ ਵਿੱਚ ਮਨਜੂਰਸ਼ੁਦਾ ਖੱਡਾਂ ਦੇ ਬਰਾਬਰ ਹੀ ਉਕਤ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਵਲੋਂ 244 ਕਨਾਲ ਅਤੇ 446 ਕਨਾਲ 13 ਮਰਲੇ ਰਕਬੇ ਵਿੱਚ ਮਹਿਕਮੇ ਦੇ ਅਧਿਕਾਰੀਆਂ /ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜਮੀਨਾਂ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੀ ਜਿਸ ਨਾਲ ਸਰਕਾਰ ਨੂੰ ਕਰੀਬ 31,48,63,994 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਉਕਤ ਕੰਪਨੀ ਵੱਲੋਂ ਇੰਨਾਂ ਪਿੰਡਾਂ ਦੇ ਜਮੀਨ ਮਾਲਕਾਂ ਨੂੰ ਵੀ ਬਣਦੀ ਰਾਇਲਟੀ ਨਹੀਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਠੇਕੇਦਾਰ ਮਹਾਂਵੀਰ ਸਿੰਘ ਨੇ ਮਾਈਨਿੰਗ ਵਿਭਾਗ ਫਿਰੋਜਪੁਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਕੁੱਲ 35,54,24,779 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ।
ਉੱਨਾਂ ਦੱਸਿਆ ਕਿ ਭਾਵੇਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ /ਕਰਮਚਾਰੀਆਂ ਵਲੋਂ ਇਸ ਸਮੇਂ ਦੌਰਾਨ ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਕਰਵਾਏ ਗਏ ਪਰੰਤੂ ਇਨ੍ਹਾਂ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਪ੍ਰਾਈਮਵਿਜਨ ਕੰਪਨੀ ਦੇ ਉਕਤ ਠੇਕੇਦਾਰ ਮਹਾਂਵੀਰ ਸਿੰਘ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਫਿਰੋਜਪੁਰ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਹੋਣੀ ਸੰਭਵ ਨਹੀਂ ਹੈ ਪਰ ਉਕਤ ਠੇਕੇਦਾਰ ਵਿਰੁੱਧ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਅਤੇ ਉਸ ਸਮੇ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਸਬੰਧਿਤ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਾਉਣੀ ਸਾਹਮਣੇ ਆਈ ਹੈ ਜਿਸ ਉਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਵਲੋਂ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ। ਮੁਲਜ਼ਮ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।