ਪਟਿਆਲਾ, 12 ਦਸੰਬਰ : ਵਿਜੀਲੈਂਸ ਪੁਲੀਸ ਨੇ ਅੱਜ ਵਾਹਨਾਂ ਦੀ ਫਿਟਨੈਸ ਦਾ ਸਰਟੀਫਿਕੇਟ ਦੇਣ ਅਤੇ ਡਰਾਈਵਿੰਗ ਲਾਈਸੰਸ ਬਣਾਉਣ ਲਈ ਰਿਸ਼ਵਤ ਲੈਣ ਵਾਲੇ ਮੋਟਰ ਵਹੀਕਲ ਇੰਸਪੈਕਟਰ ਅਤੇ ਉਸਦੇ ਸਾਥੀ ਨੂੰ 14 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਵਿਖੇ ਵਸੀਕਾ ਨਵੀਸ ਵਜੋਂ ਕੰਮ ਕਰਦੇ ਦਿਨੇਸ਼ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਮੋਟਰ ਵਹੀਕਲ ਇੰਸਪੈਕਟਰ ਗੁਰਮੀਤ ਸਿੰਘ ਆਪਣੇ ਨਿੱਜੀ ਏਜੰਟ ਅਨਿਲ ਰਾਹੀਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਦਿਨੇਸ਼ ਕੁਮਾਰ ਨੇ ਆਪਣੇ ਵਾਹਨ ਦੀ ਫਿਟਨੈਸ ਲਈ ਮਨਜੂਰੀ ਸਰਟੀਫਿਕੇਟ ਲੈਣਾ ਸੀ ਅਤੇ ਉਸ ਨੇ ਡਰਾਈਵਿੰਗ ਟੈਸਟ ਵੀ ਪਾਸ ਕਰਨਾ ਸੀ। ਇਸ ਬਦਲੇ ਗੁਰਮੀਤ ਸਿੰਘ ਵਲੋ਼ ਆਪਣੇ ਏਜੰਟ ਰਾਹੀਂ 14 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਵਿਜੀਲੈਂਸ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਦਿਨੇਸ਼ ਕੁਮਾਰ ਪਾਸੋਂ 14 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਗੁਰਮੀਤ ਸਿੰਘ ਅਤੇ ਅਨਿਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਦੋਵਾਂ ਖਿਲਾਫ ਵਿਜੀਲੈਂਸ ਥਾਣੇ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ।