
ਚੰਡੀਗੜ੍ਹ, 14 ਫਰਵਰੀ : ਵਿਜੀਲੈਂਸ ਬਿਊਰੋ ਨੇ ਪੁਲੀਸ ਦੀ ਇਕ ਏ ਐਸ ਆਈ ਗੁਰਮੀਤ ਕੌਰ ਅਤੇ ਉਸਦੇ ਇਕ ਸਾਥੀ ਹਰਪ੍ਰੀਤ ਸਿੰਘ ਨੂੰ ਚਾਲੀ ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਵਜੀਰ ਭੁੱਲਰ ਦੇ ਵਾਸੀ ਸਿਕੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਏ ਐਸ ਆਈ ਵਲੋਂ ਇਕ ਪੁਲੀਸ ਕੇਸ ਦੇ ਸਬੰਧ ਵਿਚ ਸਿਕੰਦਰ ਸਿੰਘ, ਉਸਦੇ ਪਿਤਾ ਅਤੇ ਉਸਦੇ ਭਰਾ ਦੀ ਮੱਦਦ ਕਰਨ ਲਈ ਡੇਢ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਹ ਏ ਐਸ ਆਈ ਪਹਿਲਾਂ ਗੂਗਲ ਪੇਅ ਰਾਹੀਂ 10 ਹਜਾਰ ਰੁਪਏ ਰਿਸ਼ਵਤ ਲੈ ਚੁੱਕੀ ਸੀ। ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਏ ਐਸ ਆਈ ਅਤੇ ਉਸਦੇ ਸਾਥੀ ਨੂੰ ਚਾਲੀ ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ।