Monday, January 13Malwa News
Shadow

ਖੇਡਾਂ ਦਾ ਖੇਤਰ ਵਿਚ ਪੰਜਾਬ ਬਣਿਆ ਦੇਸ਼ ਦਾ ਮੋਹਰੀ ਸੂਬਾ

Scs Punjabi

ਚੰਡੀਗੜ੍ਹ, 25 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਾਲ 2024 ਦੌਰਾਨ ਖੇਡਾਂ ਦੇ ਖੇਤਰ ਵਿਚ ਪੰਜਾਬ ਨੂੰ ਸਿਖਰ ‘ਤੇ ਲਿਆ ਖੜ੍ਹਾ ਕੀਤਾ ਹੈ। ਇਸ ਵੇਲੇ ਪੂਰੇ ਭਾਰਤ ਵਿਚੋਂ ਖੇਡਾਂ ਦੇ ਖੇਤਰ ਵਿਚ ਪੰਜਾਬ ਨੰਬਰ ਇਕ ‘ਤੇ ਆ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਬਣਾਈ ਗਈ ਨਵੀਂ ਖੇਡ ਨੀਤੀ ਕਾਰਨ ਹੀ ਪੰਜਾਬ ਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਸ ਸਾਲ ਪੈਰਿਸ ਓਲੰਪਿਕਸ ਵਿਚ ਭਾਰਤ ਦੇ ਕੁੱਲ 100 ਖਿਡਾਰੀਆਂ ਵਿਚੋਂ 19 ਖਿਡਾਰੀ ਤਾਂ ਇਕੱਲੇ ਪੰਜਬ ਵਿਚੋਂ ਹੀ ਸਨ। ਇਨ੍ਹਾਂ ਪੰਜਾਬ ਦੇ ਖਿਡਾਰੀਆਂ ਵਿਚ 10 ਹਾਕੀ ਖਿਡਾਰੀ, ਨਿਸ਼ਾਨੇਬਾਜੀ ਵਿਚ 6 ਖਿਡਾਰੀ, ਐਥਲੈਟਿਕਸ ਵਿਚ ਦੋ ਖਿਡਾਰੀ ਅਤੇ ਗੌਲਫ ਵਿਚ ਇਕ ਖਿਡਾਰੀ ਓਲੰਪਿਕ ਖੇਡਾਂ ਵਿਚ ਗਿਆ। ਇਸੇ ਤਰਾਂ ਪੰਜਾਬ ਦੇ ਤਿੰਨ ਖਿਡਾਰੀਆਂ ਨੇ ਪੈਰਿਸ ਪੈਰਾ ਉਲੰਪਿਕਸ ਵਿਚ ਵੀ ਹਿੱਸਾ ਲਿਆ ਸੀ। ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਤਹਿਤ 22 ਖਿਡਾਰੀਆਂ ਨੂੰ ਤਿਆਰੀ ਕਰਨ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਸਰਕਾਰ ਵਲੋਂ ਸਹਾਇਤਾ ਦਿੱਤੀ ਗਈ, ਜੋ ਕੁੱਲ 3.30 ਕਰੋੜ ਰੁਪਏ ਬਣਦੇ ਹਨ।
ਪੰਜਾਬ ਦੇ ਖਿਡਾਰੀਆਂ ਦੀ ਮਿਹਨਤ ਸਦਕਾ ਹੀ ਪੈਰਿਸ ਉਲੰਪਿਕ ਵਿਚ ਭਾਰਤ ਲਈ ਨਵਾਂ ਇਤਿਹਾਸ ਸਿਰਜਦਿਆਂ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਹਾਕੀ ਟੀਮ ਵਿਚ ਇਕੱਲੇ ਪੰਜਾਬ ਦੇ ਹੀ 8 ਖਿਡਾਰੀ ਸਨ। ਇਨ੍ਹਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਇਨਾਮ ਵਜੋਂ ਇਕ ਇਕ ਕਰੋੜ ਰੁਪਏ ਦਿੱਤੇ ਗਏ ਸਨ। ਇਸ ਤੋਂ ਇਲਾਵਾ ਪੰਜਾਬ ਦੇ ਹੀ ਦੋ ਖਿਡਾਰੀ ਰਿਜ਼ਰਵ ਸਨ। ਰਿਜ਼ਰਵ ਖਿਡਾਰੀਆਂ ਨੂੰ ਵੀ ਪੰਜਾਬ ਸਰਕਾਰ ਵਲੋਂ 15–15 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਪੈਰਿਸ ਉਲੰਪਿਕਸ ਵਿਚ ਹਿੱਸਾ ਲੈਣ ਵਾਲੇ ਬਾਕੀ 9 ਖਿਡਾਰੀਆਂ ਨੂੰ ਵੀ ਪੰਦਰਾਂ ਪੰਦਰਾਂ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਇਸ ਤਰਾਂ ਪੈਰਿਸ ਉਲੰਪਿਕਸ ਵਿਚ ਜਾਣ ਵਾਲੇ ਖਿਡਾਰੀਆਂ ਲਈ ਸਰਕਾਰ ਵਲੋਂ ਕੁੱਲ 13.10 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਸਾਲ 2024 ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਦੇ ਗਿਆਰਾਂ ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀਆਂ ਨੌਕਰੀਆਂ ਵੀ ਦਿੱਤੀਆਂ ਗਈਆਂ। ਇਨ੍ਹਾਂ ਵਿਚੋਂ 9 ਹਾਕੀ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਬਣਾਈ ਗਈ ਨਵੀਂ ਖੇਡ ਨੀਤੀ ਤਹਿਤ ਸੂਬੇ ਵਿਚ ਇਕ ਹਜਾਰ ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾਣੀਆਂ ਹਨ। ਇਸ ਵਿਚੋਂ ਸਾਲ 2024 ਦੌਰਾਨ 260 ਖੇਡ ਨਰਸਰੀਆਂ ਸਥਾਪਿਤ ਕਰਨ ਦਾ ਕੰਮ ਚਾਲੂ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਚ ਪਹਿਲੀ ਵਾਰ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹਨ, ਜਿਸ ਪ੍ਰਤੀ ਖਿਡਾਰੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

Scs Hindi

Scs English