Friday, March 27Malwa News
Shadow

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ; 10 ਆਧੁਨਿਕ ਪਿਸਤੌਲ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 27 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ 2 ਮੁਲਜ਼ਮਾਂ ਨੂੰ 10 ਵਿਦੇਸੀ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਖੁਸ਼ੂਪੁਰਾ, ਅੰਮ੍ਰਿਤਸਰ ਅਤੇ ਮਨਪ੍ਰੀਤ ਸਿੰਘ ਵਾਸੀ ਖਵਾਸਪੁਰ, ਤਰਨਤਾਰਨ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ ਤੁਰਕੀ ਦਾ ਬਣਿਆ ਜ਼ਿਗਾਨਾ ਪਿਸਤੌਲ, ਇੱਕ ਆਸਟਰੀਆ ਦਾ ਬਣਿਆ ਗਲੌਕ ਪਿਸਤੌਲ, ਦੋ ਅਮਰੀਕਾ ਦੇ ਬਣੇ ਬ੍ਰੇਟਾ ਪਿਸਤੌਲ, ਪੰਜ ਪੀਐਕਸ 5 ਪਿਸਤੌਲ ਅਤੇ ਇੱਕ ਚੀਨ ਦੇ ਬਣੇ ਨੋਰਿੰਕੋ ਪਿਸਤੌਲ ਸਮੇਤ ਮੈਗਜ਼ੀਨਾਂ ਸ਼ਾਮਲ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ (ਪੀਬੀ 63 ਡੀ 3668) ਜਿਸ ਦੀ ਵਰਤੋਂ ਖੇਪਾਂ ਦੀ ਡਿਲੀਵਰੀ ਲਈ ਕੀਤੀ ਜਾਂਦੀ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਸਥਿਤ ਤਸਕਰਾਂ ਦੇ ਤਾਲਮੇਲ ਨਾਲ ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ ਅਤੇ ਭਾਰਤ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸਹਾਇਤਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਖੇਪ ਸੂਬੇ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਡਿਲੀਵਰ ਕੀਤੀ ਜਾਣੀ ਸੀ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੀਆਈ ਅੰਮ੍ਰਿਤਸਰ ਨੂੰ ਇੱਕ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਵਿਦੇਸ਼ੀ ਗੈਂਗਸਟਰ ਆਪਣੇ ਪੰਜਾਬ ਸਥਿਤ ਸਾਥੀਆਂ ਦੀ ਮਦਦ ਨਾਲ ਪਾਕਿਸਤਾਨ ਤੋਂ ਭਾਰਤ ਵਿੱਚ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰ ਰਿਹਾ ਹੈ।

ਡੀਜੀਪੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪੰਜਾਬ ਸਥਿਤ ਸਾਥੀ ਰੇਸ਼ਮ ਸਿੰਘ ਨੇ ਹਥਿਆਰਾਂ ਦੀ ਖੇਪ ਪ੍ਰਾਪਤ ਕੀਤੀ ਹੈ ਅਤੇ ਪਾਕਿਸਤਾਨੀ ਤਸਕਰਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੰਭਾਵੀ ਤੌਰ ‘ਤੇ ਉਹ ਇਹ ਖੇਪ ਅੰਮ੍ਰਿਤਸਰ ਤੋਂ ਚੋਗਾਵਾਂ ਸੜਕ ‘ਤੇ ਨਹਿਰ ਦੇ ਪੁਲ ਨਜਦੀਕ ਪਿੰਡ ਕੋਹਾਲੀ ਨੇੜੇ ਸ਼ੱਕੀ ਮਨਪ੍ਰੀਤ ਸਿੰਘ ਨੂੰ ਡਿਲੀਵਰ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਨਾਕਾ ਲਗਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਪੂਰੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਇਸ ਸਬੰਧੀ, ਐਫਆਈਆਰ ਨੰਬਰ 20 ਮਿਤੀ 27-03-2026 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25, 25(1) ਏ ਅਤੇ 25(1) ਬੀ ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਐਕਟ ਦੀ ਧਾਰਾ 61(2) ਤਹਿਤ ਦਰਜ ਕੀਤੀ ਗਈ ਹੈ।