Thursday, November 13Malwa News
Shadow

ਬਟਾਲਾ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਕਾਰਕੁਨ ਦੋ ਪਿਸਤੌਲਾਂ ਸਮੇਤ ਕਾਬੂ

ਚੰਡੀਗੜ੍ਹ/ਬਟਾਲਾ, 13 ਨਵੰਬਰ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਵਿੱਚ, ਬਟਾਲਾ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਵਿਦੇਸ਼ੀ ਗੈਂਗਸਟਰ ਅੰਮ੍ਰਿਤ ਦਾਲਮ ਦੇ ਮੁੱਖ ਕਾਰਕੁੰਨਾਂ ਨੂੰ ਦੋ ਵਿਦੇਸ਼ੀ .30 ਕੈਲੀਬਰ ਪਿਸਤੌਲਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਟਾਲਾ ਦੇ ਸਤਕੋਹਾ ਦੇ ਰਹਿਣ ਵਾਲੇ ਵਿਜੇ ਮਸੀਹ ਅਤੇ ਬਟਾਲਾ ਦੇ ਨਾਹਰਪੁਰ ਖੱਦਰ ਦੇ ਰਹਿਣ ਵਾਲੇ ਮਲਕੀਤ ਸਿੰਘ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਗੈਂਗਸਟਰ ਅੰਮ੍ਰਿਤ ਦਾਲਮ ਵੱਲੋਂ ਟਾਰਗੇਟ ਕਿਲਿੰਗ ਕਰਨ ਦਾ ਕੰਮ ਸੌਂਪਿਆ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਵਿਰੁੱਧ ਇਰਾਦਾ ਕਤਲ , ਐਨਡੀਪੀਐਸ ਐਕਟ ਅਤੇ ਅਸਲਾ ਐਕਟ ਦੇ ਮਾਮਲੇ ਦਰਜ ਹਨ।

ਡੀਜੀਪੀ ਨੇ ਕਿਹਾ ਕਿ ਮੁਲਜ਼ਮ ਮਲਕੀਤ ਸਿੰਘ ਅਗਸਤ 2025 ਵਿੱਚ ਕਲਾਨੌਰ ਬੱਸ ਸਟੈਂਡ `ਤੇ ਵਿਰੋਧੀ ਗੈਂਗ ਦੇ ਮੈਂਬਰਾਂ ਨਾਲ ਹੋਈ ਗੋਲੀਬਾਰੀ ਦੀ ਵਾਰਦਾਤ ਵਿੱਚ ਵੀ ਸ਼ਾਮਲ ਸੀ ਅਤੇ ਉਦੋਂ ਤੋਂ ਫਰਾਰ ਸੀ। ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਅਤੇ ਇਸ ਦੇ ਅਲਗੇ-ਪਿਛਲੇ ਸਬੰਧ ਸਥਾਪਿਤ  ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਕਾਰਵਾਈ ਦੌਰਾਨ ਮੁਲਜ਼ਮ ਮਲਕੀਤ ਸਿੰਘ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸਿ਼ਸ਼ ਕਰਦਿਆਂ ਪੁਲਿਸ ਪਾਰਟੀ `ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਸੰਖੇਪ ਗੋਲੀਬਾਰੀ ਤੋਂ ਬਾਅਦ ਉਹ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ ਮੁਲਜ਼ਮ ਨੂੰ ਗੋਲੀ ਲੱਗੀ ਹੈ ਅਤੇ ਉਹ ਸਥਾਨਕ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੈਲ ਕਾਸਿਮ ਮੀਰ ਨੇ ਕਿਹਾ ਕਿ ਭਰੋਸੇਯੋਗ ਇਤਲਾਹ `ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਵਿਜੇ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਤਿੰਨ ਜਿੰਦਾ ਕਾਰਤੂਸ ਸਮੇਤ ਵਿਦੇਸ਼ੀ  .30 ਬੋਰ ਪਿਸਤੌਲ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜੇ ਮਸੀਹ ਦੁਆਰਾ ਕੀਤੇ ਗਏ ਖੁਲਾਸਿਆਂ ਦੇ ਆਧਾਰ `ਤੇ, ਪੁਲਿਸ ਨੇ ਉਸਦੇ ਸਾਥੀ ਮਲਕੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਇੱਕ ਖ਼ਤਰਨਾਕ ਅਪਰਾਧੀ ਹੈ ਅਤੇ ਗੈਂਗਸਟਰ ਅੰਮ੍ਰਿਤ ਦਾਲਮ ਅਤੇ ਜੱਗੂ ਭਗਵਾਨਪੁਰੀਆ ਨੈੱਟਵਰਕ ਨਾਲ ਨੇੜਿਓਂ ਜੁੜਿਆ ਹੋਇਆ ਹੈ।

ਇਸ ਸਬੰਧ ਵਿੱਚ, ਦੋ ਵੱਖ-ਵੱਖ ਕੇਸ- ਪਹਿਲਾ ਅਸਲਾ ਐਕਟ ਦੀ ਧਾਰਾ 25 ਐਫਆਈਆਰ ਨੰਬਰ 156 ਮਿਤੀ 12.11.2025 ਅਧੀਨ ਅਤੇ ਦੂਜਾ ਬੀਐਨਐਸ  ਦੀਆਂ ਧਾਰਾਵਾਂ 109, 221 ਅਤੇ 132 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ  157 ਮਿਤੀ 13.11.2025 ਤਹਿਤ ਬਟਾਲਾ ਦੇ ਪੁਲਿਸ ਸਟੇਸ਼ਨ ਸੇਖਵਾਂ ਵਿਖੇ ਦਰਜ ਕੀਤੇ ਗਏ ਹਨ।