
ਸ੍ਰੀ ਅਨੰਦਪੁਰ ਸਾਹਿਬ 02 ਮਾਰਚ: ਹੋਲਾ ਮਹੱਲਾ 2026 ਦੇ ਪਾਵਨ ਤਿਉਹਾਰ ਮੌਕੇ ਦੋ ਰੋਜ਼ਾ ਵਿਰਾਸਤੀ ਖੇਡਾਂ ਦਾ ਆਯੋਜਨ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਮੇਲੇ ਨੇ ਪੰਜਾਬ ਦੀ ਅਮੀਰ ਵਿਰਾਸਤ, ਰਵਾਇਤੀ ਖੇਡਾਂ ਅਤੇ ਲੋਕ ਕਲਾਵਾਂ ਨੂੰ ਇੱਕ ਮੰਚ ‘ਤੇ ਲਿਆ ਕੇ ਦਰਸ਼ਕਾਂ ਲਈ ਯਾਦਗਾਰ ਤਜਰਬਾ ਬਣਾਇਆ। ਦੂਰ-ਦੁਰਾਡੇ ਤੋਂ ਪਹੁੰਚੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੇ ਵਿਰਾਸਤੀ ਰੰਗਾਂ ਵਿੱਚ ਰੰਗੀ ਇਸ ਪ੍ਰਸਤੁਤੀ ਨੂੰ ਖੁੱਲ੍ਹੇ ਦਿਲ ਨਾਲ ਸਰਾਹਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਖੇਡਾਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਸਾਧਨ ਹਨ। ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਸੁਚਾਰੂ ਪ੍ਰਬੰਧ, ਸੁਰੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਨਾਲ ਮੁਕਾਬਲੇ ਸੁਚੱਜੇ ਢੰਗ ਨਾਲ ਸੰਪੰਨ ਹੋਏ।
ਇਸ ਦੋ ਰੋਜ਼ਾ ਸਮਾਗਮ ਵਿੱਚ 60 ਸਾਲ ਤੱਕ ਦੀ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ। ਦਸਤਾਰਬੰਦੀ ਮੁਕਾਬਲੇ, ਢਾਡੀ ਦਰਬਾਰ, ਮਾਰਚ ਪਾਸਟ, ਮਸਾਲ ਪ੍ਰਦਰਸ਼ਨ, ਗਿੱਧਾ ਤੇ ਭੰਗੜਾ, ਗੱਤਕਾ ਪ੍ਰਦਰਸ਼ਨੀ ਮੈਚ, ਘੋੜ ਡਾਂਸ ਅਤੇ ਟੈਂਟ ਪੈਗਿੰਗ ਵਰਗੀਆਂ ਵਿਰਾਸਤੀ ਖੇਡਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਸ਼ੇਸ਼ ਮਾਰਸ਼ਲ ਆਰਟਸ ਸਕਿੱਲਜ਼ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਖਾਸ ਆਕਰਸ਼ਣ ਵਜੋਂ ਮਾਰਚ ਪਾਸਟ ਦੌਰਾਨ ਹਾਥੀਆਂ ਦੇ ਜੋੜੇ ਦੀ ਸ਼ਮੂਲੀਅਤਸਮਾਗਮ ਦੀ ਸ਼ਾਨ ਹੋਰ ਵਧਾ ਦਿੱਤੀ। ਗਿੱਧੇ ਅਤੇ ਭੰਗੜੇ ਦੀ ਨਾਲ ਸਟੇਡੀਅਮ ਪੰਜਾਬੀ ਰੰਗਾਂ ਵਿੱਚ ਰੰਗਿਆ ਨਜ਼ਰ ਆਇਆ। ਲੋਕ ਕਲਾਵਾਂ ਦੀ ਇਸ ਪ੍ਰਸਤੁਤੀ ਨੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਰੰਗੀਨ ਤਸਵੀਰ ਪੇਸ਼ ਕੀਤੀ।
ਵਿਰਾਸਤੀ ਖੇਡਾਂ ਦੇ ਮੰਚ ਰਾਹੀਂ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਸਮਾਜ ਸਿਰਜਣ ਦੇ ਸੰਦੇਸ਼ ਨੂੰ ਵੀ ਉਜਾਗਰ ਕੀਤਾ ਗਿਆ। ਨੌਜਵਾਨਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੇ ਇਹ ਸਾਬਤ ਕੀਤਾ ਕਿ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਚੰਦਰ ਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵ), ਅਭਿਮੰਨਯੂ ਮਲਿਕ ਸਹਾਇਕ ਕਮਿਸ਼ਨਰ, ਸੁਖਪਾਲ ਸਿੰਘ ਮੇਲਾ ਅਫਸਰ ਕਮ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸਚਿਨ ਪਾਠਕ ਐਸ.ਡੀ.ਐਮ ਨੰਗਲ, ਬਲਜਿੰਦਰ ਸਿੰਘ ਗਰੇਵਾਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਇਸਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ, ਮੰਚ ਸੰਚਾਲਕ ਰਣਜੀਤ ਸਿੰਘ ਐਨ.ਸੀ.ਸੀ ਅਫਸਰ, ਅਜੇ ਬੈਂਸ ਸਹਾਇਕ ਮੰਚ ਸੰਚਾਲਕ, ਸਹਾਇਕ ਸਿਵਲ ਸਰਜਨ ਰੂਪਨਗਰ ਬੌਬੀ ਗੁਲਾਟੀ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਰੂਤੀ ਸ਼ਰਮਾ, ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਐਕਸੀਅਨ ਜਲ ਸਪਲਾਈ ਹਰਜੀਤਪਾਲ ਸਿੰਘ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।