Tuesday, January 20Malwa News
Shadow

ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਤਹਿਤ ਆਂਗਨਵਾੜੀ ਵਰਕਰਾਂ ਦੀ ਕਰਵਾਈ ਟ੍ਰੇਨਿੰਗ

ਹੁਸ਼ਿਆਰਪੁਰ, 20 ਜਨਵਰੀ :    
                                                                                                                         ਪ੍ਰਥਮ ਟੀਮ ਵੱਲੋਂ ‘ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਤਹਿਤ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ ਕਰਵਾਈ ਗਈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੱਚਿਆਂ ਦੇ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੀ ਸਿਖਿਆ ਤੇ ਧਿਆਨ ਕੇਂਦਰਤ ਕਰਨ ਦੇ ਉਦੇਸ਼ ਨਾਲ ਪ੍ਰਸਿੱਧ ਸਿੱਖਿਆ ਸੰਸਥਾ ਪ੍ਰਥਮ ਦੀ ਟੀਮ ਵੱਲੋਂ ਮਿਡਲ ਲੈਵਲ ਟ੍ਰੇਨਿੰਗ ਸੈਂਟਰ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਖੇ 930 ਆਂਗਨਵਾੜੀ ਵਰਕਰਾਂ ਲਈ “ਪੋਸ਼ਣ ਵੀ, ਪੜ੍ਹਾਈ ਵੀ” ਥੀਮ ਹੇਠ ਇਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਬਾਰੇ ਦੱਸਿਆ ਅਤੇ ਪ੍ਰਥਮ ਟੀਮ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਬੱਚਿਆਂ ਦੀ ਪੋਸ਼ਣ ਸਥਿਤੀ, ਵਿਕਾਸ ਦੀ ਨਿਗਰਾਨੀ, ਖੇਡ-ਆਧਾਰਿਤ ਅਤੇ ਗਤੀਵਿਧੀ-ਆਧਾਰਿਤ ਸਿੱਖਣ, ਕਹਾਣੀ ਸੁਣਾਉਣ, ਗੀਤਾਂ ਅਤੇ ਸਥਾਨਕ ਸਿੱਖਣ ਸਮੱਗਰੀ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਦੌਰਾਨ ਮਾਪਿਆਂ ਦੀ ਭਾਗੀਦਾਰੀ, ਘਰੇਲੂ ਗਤੀਵਿਧੀਆਂ ਅਤੇ ਬੱਚਿਆਂ ਵਿੱਚ ਸਿੱਖਣ ਦੀ ਦਿਲਚਸਪੀ ਪੈਦਾ ਕਰਨ ਉੱਤੇ ਵੀ ਜ਼ੋਰ ਦਿੱਤਾ ਗਿਆ। ਪ੍ਰਥਮ ਟੀਮ ਦੇ ਮੈਂਬਰਾਂ ਨੇ ਆਂਗਨਵਾੜੀ ਵਰਕਰਾਂ ਨੂੰ ਪ੍ਰੈਕਟਿਕਲ ਉਦਾਹਰਨਾਂ ਅਤੇ ਡੈਮੋਨਸਟ੍ਰੇਸ਼ਨ ਰਾਹੀਂ ਸਿਖਲਾਈ ਦਿੱਤੀ। ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਟ੍ਰੇਨਿੰਗ ਲੈਣ ਨਾਲ ਆਂਗਨਵਾੜੀ ਵਰਕਰਾਂ ਦੀ ਸਮਰੱਥਾ ਵਧਾਉਣ ਦੇ ਨਾਲ- ਨਾਲ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੋਵਾਂ ਵਿੱਚ ਵੀ ਸੁਧਾਰ ਆਵੇਗਾ। ਉਨ੍ਹਾਂ ਨੇ ਪ੍ਰਥਮ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਟ੍ਰੇਨਿੰਗ ਦੇ ਅੰਤ ਵਿੱਚ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਂਗਨਵਾੜੀ ਵਰਕਰਾਂ ਨੇ ਟ੍ਰੇਨਿੰਗ ਨੂੰ ਲਾਭਕਾਰੀ ਦੱਸਦਿਆਂ ਆਪਣੇ-ਆਪਣੇ ਕੇਂਦਰਾਂ ਵਿੱਚ ਸਿੱਖੀਆਂ ਗਈਆਂ ਗਤੀਵਿਧੀਆਂ ਲਾਗੂ ਕਰਨ ਦਾ ਭਰੋਸਾ ਦਿੱਤਾ।