
ਪਟਿਆਲਾ, 21 ਫਰਵਰੀ : ਪੁਲੀਸ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਵਲੋਂ ਚਲਾਏ ਜਾ ਰਹੇ ਟਾਰਗੈੱਟ ਕਿਲਿੰਗ ਦੇ ਨੈਟਵਰਕ ਵਿਚ ਸ਼ਾਮਲ ਦੋ ਗੈਂਗਸਟਰਾਂ ਨੂੰ ਅੱਜ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਮਲਕੀਤ ਸਿੰਘ ਉਰਫ ਮੈਕਸ ਅਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਲਕੀਤ ਸਿੰਘ ਜਿਲਾ ਅੰਮ੍ਰਿਤਸਰ ਦੇ ਪਿੰਡ ਰੋਡਾਲਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਫਤਿਹਗੜ੍ਹ ਸਾਹਿਬ ਦੇ ਪਿੰਡ ਸੇਮਪਾਲੀ ਵਿਚ ਰਹਿੰਦਾ ਹੈ। ਇਸੇ ਤਰਾਂ ਸੰਦੀਪ ਸਿੰਘ ਉਰਫ ਦੀਪ ਜਿਲਾ ਫਤਿਹਗੜ੍ਹ ਸਾਹਿਬ ਵਿਚ ਸਰਹਿੰਦ ਵਿਖੇ ਰਹਿੰਦਾ ਹੈ।
ਇਨ੍ਹਾਂ ਦੋਵਾਂ ਗੈਂਗਸਟਰਾਂ ਦੇ ਕਬਜੇ ਵਿਚੋਂ ਪੰਜ ਪਿਸਤੌਲ ਅਤੇ 15 ਕਾਰਤੂਸ਼ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 1300 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਦੋਵੇਂ ਜਬਰੀ ਵਸੂਲੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਹਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਿਦੇਸ਼ ਤੋਂ ਆਪਣਾ ਨੈਟਵਰਕ ਚਲਾ ਰਹੇ ਗੋਲਡੀ ਢਿੱਲੋਂ ਨੇ ਇਨ੍ਹਾਂ ਦੋਵਾਂ ਨੂੰ ਮੋਹਾਲੀ ਅਤੇ ਰਾਜਪੁਰਾ ਵਿਚ ਕਤਲਾਂ ਦਾ ਕੰਮ ਸੌਂਪਿਆ ਸੀ। ਇਨ੍ਹਾਂ ਦੋਵਾਂ ‘ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ।