
ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ:– ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਸਰਕਾਰ ਗੁਰੂ ਸਾਹਿਬ ਦੀ ਸ਼ਹਾਦਤ ਦੇ 350 ਸਾਲਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਆਦਰ ਸਹਿਤ ਮਨਾ ਰਹੀ ਹੈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਆਉਣ ਵਾਲੀ ਸੰਗਤ ਲਈ ਸਾਰੇ ਪ੍ਰਬੰਧ ਵੀ ਪੂਰੇ ਪੁਖਤਾ ਹਨ। ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਦੋਵਾਂ ਮੰਤਰੀਆਂ ਨੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਰਾਖੇ, ਦਇਆ ਤੇ ਤਿਆਗ ਦੀ ਮੂਰਤ ਅਤੇ ਬਲਿਦਾਨ ਦੇ ਪ੍ਰਤੀਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਹਾਨ ਜੀਵਨ ਤੇ ਫਲਸਫਾ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਸਾਨੂੰ ਆਪਣੇ ਪਰਿਵਾਰਾਂ ਸਮੇਤ ਮਹਾਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਨਾਲ ਨਤਮਸਤਕ ਹੋ ਕੇ ਇਨ੍ਹਾਂ ਅਲੌਕਿਕ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਹੈ।
ਇਸ ਦੌਰਾਨ ਬੈਂਸ, ਸੌਂਦ ਅਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਤਲਵੰਡੀ ਸਾਬੋ ਤੇ ਫਰੀਦਕੋਟ ਤੋਂ ਆਏ ਨਗਰ ਕੀਰਤਨਾਂ ਦਾ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ।
*ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ, 2025 ਤੱਕ ਹੋਣ ਵਾਲੇ ਸਮਾਗਮਾਂ ਦਾ ਵੇਰਵਾ:*
ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੀ ਸ਼ੁਰੂਆਤ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ। ਇਹ ਸਮਾਗਮ ਬਾਬਾ ਬੁੱਢਾ ਦਲ ਛਾਉਣੀ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਰਹਿਣਗੇ। ਸਵੇਰੇ 11 ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ `ਤੇ ਅਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਵਿਰਾਸਤ-ਏ-ਖਾਲਸਾ ਦੇ ਹਾਲ ਵਿਖੇ ਕੀਤਾ ਜਾਵੇਗਾ। ਦੁਪਿਹਰ 12 ਵਜੇ ਤੋਂ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸਰਬ ਧਰਮ ਸੰਮੇਲਨ ਕਰਵਾਇਆ ਜਾਵੇਗਾ। 3 ਵਜੇ ਵਿਰਾਸਤ-ਏ-ਖਾਲਸਾ, ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰੇ ਪਾਰਕ ਦਾ ਗਾਈਡਡ ਟੂਰ ਹੋਵੇਗਾ। ਸ਼ਾਮੀ 5 ਵਜੇ ਵਿਰਾਸਤ-ਏ-ਖਾਲਸਾ ਵਿਖੇ ਡਰੋਨ ਸ਼ੋਅ ਹੋਵੇਗਾ ਅਤੇ 6 ਵਜੇ ਮੁੱਖ ਪੰਡਾਲ ਵਿੱਚ ਕਥਾ ਅਤੇ ਕੀਰਤਨ ਦਰਬਾਰ ਹੋਵੇਗਾ।
24 ਨਵੰਬਰ ਸਵੇਰੇ 8 ਵਜੇ ਨਗਰ ਕੀਰਤਨ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਵੇਗਾ। 10 ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੈਰੀਟੇਜ ਵਾਕ ਹੋਵੇਗੀ। 11 ਤੋਂ 1 ਵਜੇ ਤੱਕ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਆਧਾਰਤ ਕਾਵਿ-ਉਚਾਰਨ, ਢਾਡੀ ਅਤੇ ਕਵੀਸ਼ਰੀ ਦਰਬਾਰ ਸਜੇਗਾ। ਦੁਪਹਿਰ 1 ਵਜੇ ਤੋਂ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਵੇਗਾ। 2 ਵਜੇ ਤੋਂ ਚਰਨ ਗੰਗਾ ਸਟੇਡੀਅਮ ਵਿਖੇ ਗੱਤਕਾ ਅਤੇ ਹੋਰ ਜੰਗਜੂੰ ਸਮਾਗਮ ਹੋਣਗੇ। ਸ਼ਾਮੀ 5 ਵਜੇ ਵਿਰਾਸਤ-ਏ-ਖਾਲਸਾ ਵਿੱਚ ਡਰੋਨ ਸ਼ੋਅ ਅਤੇ 6 ਵਜੇ ਮੁੱਖ ਪੰਡਾਲ ਵਿੱਚ ਕਥਾ ਤੇ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
25 ਨਵੰਬਰ ਸਵੇਰੇ 10 ਵਜੇ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੰਪੂਰਨ ਹੋਣਗੇ, ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਵੀ ਸੰਗਤ ਸਮੇਤ ਹਾਜ਼ਰ ਰਹਿਣਗੇ। 11 ਵਜੇ ਸੂਬਾ ਪੱਧਰੀ ਖੂਨਦਾਨ ਅਤੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਿਰਾਸਤ-ਏ-ਖਾਲਸਾ ਤੋਂ ਹੋਵੇਗੀ। ਦੁਪਹਿਰ 12 ਵਜੇ ਤੋਂ ਮੁੱਖ ਪੰਡਾਲ ਵਿਖੇ ਸਰਬੱਤ ਦਾ ਭਲਾ ਇਕੱਤਰਤਾ ਹੋਵੇਗੀ ਜਿਸ ਵਿੱਚ ਉੱਘੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ। ਸ਼ਾਮ 5 ਵਜੇ ਡਰੋਨ ਸ਼ੋਅ ਨਾਲ ਤਿੰਨਾਂ ਦਿਨਾਂ ਦੇ ਮਹਾਨ ਸਮਾਗਮਾਂ ਦੀ ਸਮਾਪਤੀ ਹੋਵੇਗੀ। ਵੈਸੇ ਇਹ ਡਰੋਨ ਸ਼ੋਅ 29 ਨਵੰਬਰ ਤੱਕ ਜਾਰੀ ਰਹੇਗਾ।
*ਸੰਗਤਾਂ ਲਈ ਪੁਖਤਾ ਪ੍ਰਬੰਧ*
ਸੂਬਾ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਵਿੱਤਰ ਨਗਰੀ ਵਿਖੇ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪਾਰਕਿੰਗ ਜ਼ੋਨਾਂ ਤੋਂ ਮੁੱਖ ਸਥਾਨਾਂ ਤੱਕ ਸੰਗਤਾਂ ਦੇ ਆਉਣ-ਜਾਣ ਵਾਸਤੇ ਸ਼ਟਲ ਸੇਵਾ ਹੋਵੇਗੀ। ਸਾਰੇ ਪਾਰਕਿੰਗ ਸਥਾਨ ਸੀ.ਸੀ.ਟੀ.ਵੀ. ਨਿਗਰਾਨੀ, ਰੌਸ਼ਨੀ, ਬੈਰੀਕੇਡਿੰਗ, ਟ੍ਰੈਫਿਕ ਮਾਰਸ਼ਲ, ਸਾਈਨ ਬੋਰਡ ਅਤੇ ਮੋਬਾਈਲ ਟਾਇਲਟਾਂ ਨਾਲ ਲੈਸ ਹਨ।
ਸੰਗਤਾਂ ਦੀ ਸੇਵਾ ਲਈ 500 ਈ-ਰਿਕਸ਼ਾ, 150 ਮਿੰਨੀ-ਬੱਸਾਂ, 25 ਫੋਰਸ ਅਰਬੇਨੀਆ ਵੈਨਾਂ, 15 ਕਾਰਾਂ, 20 ਟਾਟਾ ਏਸ ਵਾਹਨ ਅਤੇ ਬਜ਼ੁਰਗਾਂ ਤੇ ਦਿਵਿਆਂਗ ਸੰਗਤ ਦੀ ਸਹਾਇਤਾ ਲਈ 10 ਗੋਲਫ ਕਾਰਟ ਸ਼ਾਮਲ ਹਨ। ਸ਼ਟਲ ਸੇਵਾਵਾਂ ਪਾਰਕਿੰਗ ਸਥਾਨਾਂ ਅਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਮੁੱਖ ਪੰਡਾਲ, ਟੈਂਟ ਸਿਟੀਜ਼ ਅਤੇ ਹੈਲਪ ਡੈਸਕ ਪੁਆਇੰਟਾਂ ਦਰਮਿਆਨ ਸੰਗਤਾਂ ਨੂੰ ਆਉਣ-ਜਾਣ ਦੀ ਸਹੂਲਤ ਦੇਣਗੀਆਂ। ਇਸ ਸਿਸਟਮ ਦੀ ਮੁਕੰਮਲ ਨਿਗਰਾਨੀ ਮੁੱਖ ਕੰਟਰੋਲ ਸੈਂਟਰ ਰਾਹੀਂ ਕੀਤੀ ਜਾਵੇਗੀ।
ਇਸੇ ਤਰ੍ਹਾਂ ਸੰਗਤ ਦੀ ਭਾਰੀ ਆਮਦ ਨੂੰ ਸੁਵਿਧਾਜਨਕ ਬਣਾਉਣ ਲਈ ਦੋ ਪ੍ਰਮੁੱਖ ਟੈਂਟ ਸਿਟੀਜ਼ ਸਥਾਪਤ ਕੀਤੀਆਂ ਗਈਆਂ ਹਨ ਜਿਸ ਵਿੱਚ ਲਗਭਗ 10,000 ਸੰਗਤ ਦੇ ਠਹਿਰਨ ਦੀ ਵਿਵਸਥਾ ਕੀਤੀ ਗਈ ਹੈ। ਐਂਬੂਲੈਂਸਾਂ ਦੀ ਤਾਇਨਾਤੀ ਅਤੇ 24 ਘੰਟੇ ਫੌਰੀ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਪੰਜਾਬ ਪੁਲਿਸ ਦੇ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 8,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਸੰਗਤ ਦੀ ਸੁਰੱਖਿਆ, ਆਉਣ-ਜਾਣ ਅਤੇ ਸੁਵਿਧਾ ਨੂੰ ਯਕੀਨੀ ਬਣਾਇਆ ਜਾ ਸਕੇ।