Sunday, September 20Malwa News
Shadow

ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ

ਚੰਡੀਗੜ੍ਹ 23 ਅਪ੍ਰੈਲ 2026: ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਕਪੂਰਾ ਦੇ ਨਿਹੰਗ ਸਿੰਘਾਂ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਅੱਜ ਕੋਟਕਪੂਰਾ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਸੁਹਿਰਦ ਯਤਨਾਂ ਸਦਕਾ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਲਾਗੂ ਹੋ ਗਿਆ ਹੈ, ਜਿਸ ਨਾਲ ਵਿਸ਼ਵ ਭਰ ਵਿੱਚ ਸੰਗਤ ਨੇ ਖੁਸ਼ੀ ਮਨਾਈ ਹੈ।

ਸੁਖਮਨੀ ਸਾਹਿਬ ਦਾ ਪਾਠ, ਨਿਤਨੇਮ ਬਾਣੀਆਂ, ਅਰਦਾਸ ਅਤੇ ਪਾਵਨ ਹੁਕਮਨਾਮੇ ਉਪਰੰਤ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਕਿਹਾ ਕਿ ਸਪੀਕਰ ਸੰਧਵਾਂ ਦੀ ਸ਼ਖਸੀਅਤ ਅਤੇ ਨਿਮਰ ਸੁਭਾਅ ਨੇ ਸਭਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਸਪੀਕਰ ਸੰਧਵਾਂ ਨੇ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕਿਆ ਸਮੇਤ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਭ ਸੰਗਤ ਦੇ ਸਹਿਯੋਗ ਅਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਜ ਨੂੰ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਆਗੂ ਅਤੇ ਪ੍ਰਭਾਵੀ ਸੰਗਠਨਾਂ ਦੇ ਨੁਮਾਇੰਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਅਮਲ ਵਿੱਚ ਨਹੀਂ ਲਿਆ ਸਕੇ। ਹੁਣ ਉਹ ਬੇਬੁਨਿਆਦ ਅਤੇ ਬੇਲੋੜੇ ਬਿਆਨ ਦੇ ਕੇ ਸਮਾਜ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਸਖ਼ਤ ਸਜ਼ਾ ਕਾਨੂੰਨ ਦੇ ਲਾਗੂ ਹੋਣ ਨਾਲ ਹੁਣ ਤੋਂ ਕੋਈ ਵੀ ਵਿਅਕਤੀ ਘਿਨਾਉਣੇ ਅਪਰਾਧ ਨੂੰ ਕਰਨ ਤੋਂ ਪਰਹੇਜ਼ ਕਰੇਗਾ।

ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਇਕੱਠੀ ਹੋਈ ਸੰਗਤ ਨੇ ਇਸ ਮਿਸਾਲੀ ਕਾਰਜ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ।