Thursday, November 6Malwa News
Shadow

ਸਪੀਕਰ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਵਧਾਈ ਦਿੱਤੀ

ਚੰਡੀਗੜ੍ਹ, 3 ਨਵੰਬਰ 2025— ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੂੰ ਦਿਲੋਂ ਵਧਾਈ ਦਿੱਤੀ ਹੈ, ਜਿਸਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਵਜੋਂ ਇਤਿਹਾਸ ਰਚਿਆ ਹੈ ਅਤੇ ਆਪਣੀ ਅਗਵਾਈ ਹੇਠ ਭਾਰਤ ਨੂੰ ਵਰਲਡ ਕੱਪ ਜਿਤਾਇਆ ਹੈ।  

ਸਪੀਕਰ ਸੰਧਵਾਂ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਆਪਣੀ ਲਗਨ, ਮਿਹਨਤ ਅਤੇ ਜਜ਼ਬੇ ਨਾਲ ਨਾ ਸਿਰਫ਼ ਪੰਜਾਬ ਦਾ, ਸਗੋਂ ਸਾਰੇ ਦੇਸ਼ ਦਾ ਮਾਣ ਵਧਾਇਆ ਹੈ। ਉਸਨੇ ਸਾਬਤ ਕੀਤਾ ਹੈ ਕਿ ਜੇਕਰ ਇਰਾਦੇ ਪੱਕੇ ਹੋਣ ਤਾਂ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਤੋਂ ਘੱਟ ਨਹੀਂ।

ਉਹਨਾਂ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਖੇਡ ਜਗਤ ਵਿੱਚ ਨਵਾਂ ਇਤਿਹਾਸ ਰਚ ਕੇ ਹਰ ਇਕ ਮਾਂ-ਪਿਉ ਦੀਆਂ ਧੀਆਂ ਨੂੰ ਪ੍ਰੇਰਣਾ ਦਿੱਤੀ ਹੈ। ਇਹ ਜਿੱਤ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਪ੍ਰਤੀਕ ਹੈ ਅਤੇ ਖੇਡਾਂ ਵਿੱਚ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ।

ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਹਮੇਸ਼ਾ ਹੌਂਸਲੇ ਅਤੇ ਹਿੰਮਤ ਨਾਲ ਦੁਨੀਆ ਅੱਗੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਅਤੇ ਹਰਮਨਪ੍ਰੀਤ ਕੌਰ ਦੀ ਇਹ ਜਿੱਤ ਉਸਦਾ ਸਭ ਤੋਂ ਤਾਜ਼ਾ ਉਦਾਹਰਨ ਹੈ।