ਚੰਡੀਗੜ੍ਹ, 7 ਜਨਵਰੀ : ਪੰਜਾਬ ਦੇ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਐਲਾਨ ਕੀਤਾ ਹੈ ਕਿ ਚਾਰ ਮਹੀਨਿਆਂ ਦੇ ਵਿਚ ਵਿਚ 663 ਹੋਰ ਸੋਲਰ ਪੰਪ ਲਗਾਏ ਜਾਣਗੇ, ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਵਲੋ਼ ਪੰਜਾਬ ਦੇ ਕਿਸਾਨਾਂ ਨੂੰ ਨਵੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਅੱਜ ਮੈਸਰਜ਼ ਏ.ਵੀ.ਆਈ. ਰੀਨਿਊਏਬਲਜ਼ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਵਰਕਰ ਆਰਡਰ ਦਿੱਤਾ ਗਿਆ ਹੈ। ਇਸ ਕੰਪਨੀ ਵਲੋਂ 663 ਕਿਸਾਨਾਂ ਦੇ ਖੇਤਾਂ ਵਿਚ ਸੋਲਰ ਪੰਪ ਲਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਹੀਨੇ 2356 ਸੋਲਰ ਪੰਪ ਲਗਾਉਣ ਦੇ ਵਰਕ ਆਰਡਰ ਜਾਰੀ ਕੀਤੇ ਗਏ ਸਨ। ਉਨ੍ਹਾਂ ਨੇ ਪੰਜਾਬ ਐਨਰਜੀ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਪੰਜਾਬ ਦੇ 20 ਹਜਾਰ ਕਿਸਾਨਾਂ ਨੂੰ ਸੋਲਰ ਪੰਪ ਲਗਾ ਕੇ ਦੇਣ ਦੇ ਟੀਚੇ ਦੀ ਜਲਦੀ ਪ੍ਰਾਪਤੀ ਲਈ ਯਤਨ ਤੇਜ਼ ਕੀਤੇ ਜਾਣੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੋਲਰ ਪੰਪ ਲਗਾਉਣ ਲਈ ਕੰਪਨੀ ਦੀ ਚੋਣ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਹਾਰਸ ਪਾਵਰ, ਪੰਜ ਹਾਰਸ ਪਾਵਰ, ਸਾਢੇ ਸੱਤ ਹਾਰਸ ਪਾਵਰ ਅਤੇ 10 ਹਾਰਸ ਪਾਵਰ ਦੇ ਸੋਲਰ ਪੰਪ ਲਗਾਉਣ ਲਈ ਆਮ ਸ਼੍ਰੇਣੀ ਦੇ ਕਿਸਾਨਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਦੋਂ ਕਿ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੋਲਰ ਪੰਪਾਂ ਨਾਲ ਬਿਲਜੀ ਦੀ ਬੱਚਤ ਹੋਵੇਗੀ ਅਤੇ ਕਿਸਾਨਾਂ ਨੂੰ ਆਰਥਿਕ ਲਾਭ ਵੀ ਹੋਵੇਗਾ।