ਚੰਡੀਗੜ੍ਹ, 4 ਜਨਵਰੀ : ਪੰਜਾਬ ਵਿਚ 60.51 ਮੈਗਾਵਾਟ ਸੂਰਜੀ ਊਰਜਾ ਪੈਦਾ ਕਰਕੇ ਪੰਜਾਬ ਨੇ ਭਾਰਤ ਸਰਕਾਰ ਪਾਸੋਂ 11.39 ਕਰੋੜ ਰੁਪਏ ਦਾ ਵਿੱਤੀ ਇਨਾਮ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਰੂਫਟਾਪ ਸੋਲਰ ਊਰਜਾ ਸਿਸਟਮ ਰਾਹੀਂ ਰੋਜ਼ਾਨਾ 2.4 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
ਮੰਤਰੀ ਨੇ ਦੱਸਿਆ ਕਿ ਰੂਫਟਾਪ ਸੋਲਰ ਸਮਰੱਥਾ ਵਿਚ ਹੋਇਆ ਵਾਧਾ ਪੰਜਾਬ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮਰੱਥਾ ਵਿਚ ਸਾਲ 2022–23 ਦੌਰਾਨ 60.51 ਮੈਗਾਵਾਟ ਦਾ ਵਾਧਾ ਹੋਇਆ ਸੀ ਅਤੇ ਹੁਣ 2023–24 ਦੌਰਾਨ 86 ਮੈਗਾਵਾਟ ਦਾ ਵਧਾ ਹੋਇਆ ਹੈ। ਇਸ ਨਾਲ ਹੁਣ ਪੰਜਾਬ ਵਿਚ ਰੂਫਟਾਪ ਸੋਲਰ ਦੀ ਕੁੱਲ ਸਮਰੱਥਾ 430 ਮੈਗਾਵਾਟ ਹੋ ਗਈ ਹੈ।
ਬਿਜਲੀ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਿ ਰੂਫਟਾਪ ਸੋਲਰ ਸਿਸਟਮ ਲਗਾਉਣ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਦੋ ਕਿੱਲੋਵਾਟ ਲਈ 30 ਹਜਾਰ ਰੁਪਏ ਪ੍ਰਤੀ ਕਿੱਲੋਵਾਟ, ਦੋ ਤੋਂ ਤਿੰਨ ਕਿੱਲੋਵਾਟ ਤੱਕ 18 ਹਜਾਰ ਰੁਪਏ ਪ੍ਰਤੀ ਕਿੱਲੋਵਾਟ ਅਤੇ ਇਸ ਤੋਂ ਬਾਅਦ ਤਿੰਨ ਕਿੱਲੋਵਾਟ ਲਈ ਕੁੱਲ 78 ਹਜਾਰ ਰੁਪਏ ਦੀ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ।