ਚੰਡੀਗੜ੍ਹ: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਮੰਦਰ ਅੰਦਰ ਇੱਕ ਬੱਚੀ ਨਾਲ ਵਾਪਰੀ ਕਥਿਤ ਘਟਨਾ ਨੂੰ ਲੈ ਕੇ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਚੁੱਕੇ ਹਨ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਇਸ ਮਾਮਲੇ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਜੀ ਹਾਂ…ਜੈਨੀ ਜੌਹਲ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਮੰਦਰ ਦੇ ਅੰਦਰ ਦੀ ਇੱਕ ਵੀਡੀਓ ਦੇਖੀ ਜਾ ਸਕਦੀ ਹੈ। ਵੀਡੀਓ ਵਿੱਚ ਇੱਕ ਬੱਚੀ ਅਤੇ ਇੱਕ ਹੋਰ ਵਿਅਕਤੀ ਨਜ਼ਰ ਆ ਰਿਹਾ ਹੈ। ਦਰਅਸਲ, ਪੂਨੇ ਦੇ ਨਿਗੜੀ ਇਲਾਕੇ ਵਿੱਚ ਇੱਕ ਸ਼ਿਵ ਮੰਦਰ ਦੇ ਅੰਦਰ ਇੱਕ ਨਾਬਾਲਗ ਲੜਕੀ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ।
10 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਨੇ ਵਿਆਪਕ ਜਨਤਕ ਰੋਸ ਪੈਦਾ ਕੀਤਾ। ਪੁਲਿਸ ਨੇ ਵਿਅਕਤੀ, ਜੋ ਕਿ ਇੱਕ ਠੇਕਾ ਮਜ਼ਦੂਰ ਹੈ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਨੇ ਧਾਰਮਿਕ ਸਥਾਨਾਂ ‘ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਹੁਣ ਗਾਇਕਾ ਜੈਨੀ ਜੌਹਲ ਨੇ ਆਪਣੀ ਪੋਸਟ ਵਿੱਚ ਲਿਖਿਆ, “ਕੀ ਇਸ ਦੇਸ਼ ਵਿੱਚ ਇੱਕ ਵੀ ਅਜਿਹੀ ਥਾਂ ਹੈ, ਜਿੱਥੇ ਇੱਕ ਬੱਚੀ ਸੱਚਮੁੱਚ ਸੁਰੱਖਿਅਤ ਹੈ? ਅਤੇ ਫਿਰ ਵੀ ਤੁਸੀਂ ‘ਮੇਰਾ ਭਾਰਤ ਮਹਾਨ’ ਕਹਿਣ ਦੀ ਹਿੰਮਤ ਕਰਦੇ ਹੋ?” ਜੈਨੀ ਜੌਹਲ ਨੇ ਆਪਣੀ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ
ਜੈਨੀ ਜੌਹਲ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਜ਼ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁਝ ਲੋਕਾਂ ਨੇ ਗਾਇਕਾ ਵੱਲੋਂ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਣ ਦੀ ਸ਼ਲਾਘਾ ਕੀਤੀ, ਜਦਕਿ ਕਈਆਂ ਨੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ।
ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਜੈਨੀ ਜੌਹਲ ਹਮੇਸ਼ਾ ਗਲਤ ਚੀਜ਼ਾਂ ਖ਼ਿਲਾਫ਼ ਨਿਡਰ ਹੋ ਕੇ ਆਵਾਜ਼ ਉਠਾਉਂਦੀ ਹੈ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਸੱਚ ਲਈ ਖੜ੍ਹੇ ਰਹਿਣਾ ਚਾਹੀਦਾ ਹੈ। ਗਾਇਕਾ ਜੈਨੀ ਜੌਹਲ ਬਾਰੇ ਗੱਲ ਕਰੀਏ ਤਾਂ ਗਾਇਕਾ ਆਏ ਦਿਨ ਔਰਤਾਂ ਨੂੰ ਲੈ ਕੇ ਹੁੰਦੇ ਅਪਰਾਧਾਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ।