ਚੰਡੀਗੜ੍ਹ, 7 ਜਨਵਰੀ : ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਬਜੁਰਗਾਂ ਦੇ ਜੀਵਨ ਪੱਧਰ ਸਬੰਧੀ ਕਰਵਾਏ ਜਾ ਰਹੇ ਸਰਵੇਖਣ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੋ ਵੀ ਬਜ਼ੁਰਗ ਪੈਨਸ਼ਨ ਤੋਂ ਵਾਂਝੇ ਰਹਿ ਗਏ ਹਨ, ਜਾਂ ਜਿਹੜੇ ਬਜ਼ੁਰਗ ਮਰੀਜ਼ ਹਨ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਜਿਹੜੇ ਬਜ਼ੁਰਗਾਂ ਦੀ ਉਨ੍ਹਾਂ ਦੇ ਬੱਚੇ ਸਾਂਭ ਸੰਭਾਲ ਨਹੀਂ ਕਰਦੇ, ਉਨ੍ਹਾਂ ਬਾਰੇ ਰਿਪੋਰਟਾਂ ਤੁਰੰਤ ਤਿਆਰ ਕੀਤੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਦੇ ਆਧਾਰ ‘ਤੇ ਸਰਕਾਰ ਵਲੋਂ ਬਜ਼ੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਬਜ਼ੁਰਗਾਂ ਅਤੇ ਔਰਤਾਂ ਦੀ ਭਲਾਈ ਲਈ ਕਈ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।