ਚੰਡੀਗੜ੍ਹ, 21 ਨਵੰਬਰ : ਭਾਰਤੀ ਰਿਜ਼ਰਵ ਬੈਂਕ ਦੇ 90ਵੇਂ ਸਥਾਪਨਾ ਦਿਵਸ ਮੌਕੇ ਅੱਜ ਚੰਡੀਗੜ੍ਹ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਉਤਰਾਖੰਡ, ਹਿਮਾਚਲ, ਨਵੀਂ ਦਿੱਲੀ, ਹਰਿਆਣਾ, ਚੰਡੀਗੜ੍ਹ, ਪੰਜਾਬ ਤੇ ਜੰਮੂ ਕਸ਼ਮੀਰ ਦੇ ਕਾਲਜਾਂ ਦੇ ਅੰਡਰ ਗਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਕੁਇਜ਼ ਮੁਕਾਬਲਿਆਂ ਵਿਚ ਬੈਂਕਿੰਗ, ਆਰਥਚਾਰੇ ਅਤੇ ਕੇਂਦਰੀ ਬੈਂਕ ਦੇ ਇਤਿਹਾਸ ਬਾਰੇ ਪ੍ਰਸ਼ਨ ਪੁੱਛੇ ਗਏ।
ਇਨ੍ਹਾਂ ਕੁਇਜ਼ ਮੁਕਾਬਲਿਆਂ ਵਿਚ ਆਈ ਆਈ ਟੀ ਰੁੜਕੀ ਦੀ ਟੀਮ ਜੇਤੂ ਰਹੀ, ਜਿਸ ਵਿਚ ਤਨਯ ਕਪਾਡੀਆ ਅਤੇ ਵੇਦਾਂਤ ਦਿਵੇਦੀ ਸ਼ਾਮਲ ਸਨ। ਇਹ ਟੀਮ 6 ਦਸੰਬਰ ਨੂੰ ਮੁੰਬਈ ਵਿਖੇ ਹੋਣ ਵਾਲੇ ਕੌਮੀ ਮੁਕਾਬਲੇ ਵਿਚ ਹਿੱਸਾ ਲਵੇਗੀ। ਅੱਜ ਦੇ ਮੁਕਾਬਲੇ ਵਿਚ ਸ਼ਹੀਦ ਸੁਖਦੇਵ ਕਾਲਜ ਆਫ ਬਿਜਨਸ ਸਟੱਡੀਜ਼ ਨਵੀਂ ਦਿੱਲੀ ਦੀ ਟੀਮ ਨੇ ਦੂਜਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਪੂਰਥਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 5 ਲੱਖ, ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਚਾਰ ਲੱਖ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਤਿੰਨ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।